ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੁੰਦਰਾਂ ਲਈ ਇਹੀ ਯੋਗ ਅਵਸਰ ਸੀ। ਉਸ ਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, “ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵੋ।

ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ।

ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ... ਰਾਣੀ ਨੇ ਉਹਦੀਆਂ ਸੈਆਂ ਖ਼ਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖ਼ਰੇ ਭਰਮਾ ਨਾ ਸਕੇ- ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ।

ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ 'ਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ਼ ਤੋਰ ਦਿੱਤੀਆਂ ਤੇ ਆਪ ਮਹਿਲਾਂ ਤੇ ਖੜੋ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰੱਖ਼ਤਾਂ ਦੇ ਝੁੰਡ ਉਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੈ ਗਿਆ। ਸੁੰਦਰਾਂ ਪੂਰਨ ਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ... ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ... ਸੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ਼ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।

ਪੂਰਨ ਜੋਗੀ ਬਣਿਆਂ ਜੋਗ ਦਾ ਚਾਨਣ ਵੰਡਦਾ-ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ ... ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ... ਰਾਣੀ ਇਛਰਾਂ ਆਪਣੇ ਪੁੱਤ ਦੇ ਵਿਯੋਗ ’ਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਕ ਹਰੀ ਨਾ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।

ਪੂਰੇ ਬਾਰਾਂ ਵਰ੍ਹੇ ਮਗਰੋਂ ਪੂਰਨ ਜੋਗੀ ਦੇ ਰੂਪ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ... ਸ਼ਹਿਰੋਂ ਬਾਹਰ ਉਸਦੀ ਯਾਦ 'ਚ ਬਣੇ, ਉਜੜੇ ਹੋਏ ਬਾਗ਼ ਚ ਉਹਨੇ ਧੂਣਾ ਤਾਪ ਦਿੱਤਾ... ਬਾਗ਼ ਹਰਾ-ਭਰਾ ਹੋ ਗਿਆ- ਸਾਰੇ ਸ਼ਹਿਰ ਵਿੱਚ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀਂ ਵੀ ਕਰਾਮਾਤੀ ਜੋਗੀ ਦੀ ਕਨਸੋ ਪਈ... ਉਹਨ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫ਼ੈਸਲਾ ਕਰੋ ਲਿਆ।

ਸਲਵਾਨ ਰਾਣੀਆਂ ਸਮੇਤ ਧੂਣਾ ਤਾਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ... ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖੜੋਤੇ ਸਨ... ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਜਾ ਛੂਹੋ।

ਉਹਦੀ ਛੂਹ ਪ੍ਰਾਪਤ ਕਰਕੇ ਇਛਰਾਂ ਬੋਲੀ, “ਵੇ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈ..."

ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛਹੁ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖੀਆਂ ਵਿੱਚ ਮੁੜ ਜੋਤ ਆ ਗਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ!

ਪੰਜਾਬ ਦੇ ਲੋਕ ਨਾਇਕ/80