ਰਾਜਾ ਰਸਾਲੂ
ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ 'ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ਼ ਅਨੇਕਾਂ ਦਿਲਚਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ਼ ਸੰਬੰਧਿਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿੱਚ ਗਾਂਵਿਆ ਹੈ।
ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਦਾ ਪੁੱਤਰ ਸੀ, ਪੂਰਨ ਭਗਤ ਦਾ ਛੋਟਾ ਭਰਾ, ਜੋ ਸਲਵਾਨ ਦੀ ਢਲਦੀ ਉਮਰ ਵਿੱਚ ਰਾਣੀ ਲੂਣਾਂ ਦੀ ਕੁੱਖੋਂ ਪੂਰਨ ਦੇ ਵਰ ਨਾਲ਼ ਪੈਦਾ ਹੋਇਆ ਸੀ।
ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖ਼ੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ। ਸਾਰੇ ਸ਼ਹਿਰ ਵਿੱਚ ਘਿਓ ਦੇ ਦੀਵੇ ਬਾਲੇ ਗਏ, ਖ਼ੈਰਾਤਾਂ ਵੰਡੀਆਂ ਗਈਆਂ ਪਰੰਤੂ ਵਹਿਮਾਂ-ਭਰਮਾਂ 'ਚ ਗਰੱਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ, "ਰਾਜਨ ਪੂਰੇ ਬਾਰਾਂ ਵਰ੍ਹੇ ਇਹਦੇ ਮੱਥੇ ਨਾ ਲੱਗੀਂ ਨਹੀਂ ਤਾਂ ਤੇਰੀ ਮੌਤ ਹੋ ਜਾਵੇਗੀ।"
ਰਾਜਾ ਸਲਵਾਨ ਸੋਚੀਂ ਪੈ ਗਿਆ। ਆਪਣੇ ਵਜ਼ੀਰ ਨਾਲ ਸਲਾਹ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ..... "ਰਸਾਲੂ ਨੂੰ ਬਾਰਾਂ ਵਰ੍ਹੇ ਲਈ ਭੋਰੇ 'ਚ ਪਾ ਦੇਵੋ।"
ਕੇਹਾ ਬਾਪ ਸੀ ਓਹ ਜਿਹੜਾ ਸੁਖਾਂ ਸੁੱਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ.....
ਲੂਣਾਂ ਕੁਰਲਾਉਂਦੀ ਰਹੀ.... ਲੋਰੀਆਂ ਦੇਣ ਦੀ ਉਹਦੀ ਰੀਝ ਤੜਪਦੀ ਰਹੀ.... ਕਿੰਨਾ ਚਾਅ ਹੁੰਦਾ ਹੈ ਮਾਵਾਂ ਨੂੰ ਆਪਣੇ ਪੁੱਤ ਖਿਡਾਉਣ ਦਾ.... ਅਲੂਏਂ ਜੁਆਕ ਨੂੰ ਇਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ... ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸੁਵਿਧਾਵਾਂ ਹਾਸਲ ਸਨ ਪਰੰਤੂ ਉਹਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਇਕ ਤਰਖ਼ਾਣਾਂ ਦਾ ਮੁੰਡਾ ਤੇ ਇਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ਼ ਖੇਡਣ ਲਈ ਛੱਡੇ ਗਏ ਤੇ ਦਾਈ ਸੱਕੀ ਮਾਂ ਦੀ ਨਿਆਈਂ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ! ਮਾਂ ਬਾਪ ਦੀ ਮਮਤਾ ਤੋਂ ਵਿਹੂਣਾ ਰਸਾਲੂ ਦਿਨ, ਮਹੀਨੇ, ਸਾਲ ਬਿਤਾਉਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜਸਵਾਰੀ, ਸ਼ਸਤਰ ਸਿੱਖਿਆ,
ਪੰਜਾਬ ਦੇ ਲੋਕ ਨਾਇਕ/82