ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਰ ਅੰਦਾਜ਼ੀ, ਨੇਜ਼ਾਬਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮੁਹਾਰਤ ਹਾਸਲ ਕਰ ਲਈ! ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸੁੰਦਰ ਸ਼ਰੀਰ ਨੂੰ ਸੁਡੋਲ ਤੇ ਗੇਲੀ ਵਰਗਾ ਮਜਬੂਤ ਬਣਾ ਦਿੱਤਾ। ਉਹਦਾ ਲਸ਼ ਲਸ਼ ਕਰਦਾ ਬਾਂਕਾ ਸਰੀਰ, ਨੂਰਾਨੀ ਚਿਹਰਾ ਬੱਸ ਵੇਖਿਆਂ ਭੁੱਖ ਲੱਥਦੀ ਸੀ....

ਅੱਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲ੍ਹੇ ਦੀ ਕੈਦ ਵਿੱਚ ਰਹਿ ਸਕਦੀ ਸੀ। ਰਾਜੇ ਦੇ ਸਖ਼ਤ ਹੁਕਮ ਵੀ ਉਹਨੂੰ ਰੋਕ ਨਾ ਸਕੇ ਉਹ ਗਿਆਰਾਂ ਵਰ੍ਹੇ ਦਾ ਹੋ ਗਿਆ-ਬਾਰ੍ਹਵਾਂ ਵਰ੍ਹਾ ਚੜ੍ਹ ਗਿਆ। ਰਸਾਲੂ ਨੇ ਕਿਲ੍ਹੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ....

ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਰਸਾਲੂ ਆਪਣੇ ਬਾਂਕੇ ਘੋੜੇ ਤੇ ਸਵਾਰ ਹੋ ਕੇ ਸ਼ਹਿਰ ਵਿੱਚ ਗੇੜਾ ਮਰਾਨ ਲੱਗਾ .....ਕਈ ਅਵੱਲੜੇ ਸ਼ੌਕ ਉਸ ਪਾਲ਼ੇ ਹੋਏ ਸਨ। ਉਹਨੂੰ ਪਾਣੀ ਭਰਦੀਆਂ ਸੋਹਣੀਆਂ ਕੁੜੀਆਂ ਦੇ ਗੁਲੇਲਾਂ ਨਾਲ ਘੜੇ ਭੰਨ ਕੇ ਅਨੂਠਾ ਸੁਆਦ ਆਉਂਦਾ ਸੀ.... ਨਿੱਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ.... ਲੂਣਾਂ ਕੋਲ ਮੁਟਿਆਰਾਂ ਨੇ ਜਾ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦੇ ਦਿੱਤੀਆਂ ਪਰੰਤੂ ਰਸਾਲੂ ਨੇ ਤੀਰ ਕਮਾਣਾਂ ਨਾਲ਼ ਉਹਨਾਂ 'ਚ ਛੇਕ ਕਰਨੇ ਸ਼ੁਰੂ ਕਰ ਦਿੱਤੇ.... ਪਾਣੀ ਭਰਦੀਆਂ ਮੁਟਿਆਰਾਂ ਉਸ ਦੀਆਂ ਆਪਹੁਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿੱਚ ਰਾਜਾ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਉਹ ਉਸ ਤੋਂ ਪਹਿਲਾਂ ਹੀ ਸਤਿਆ ਪਿਆ ਸੀ। ਉਹ ਇਹ ਨਹੀਂ ਸੀ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ ਦੁਆਰ ਤੇ ਖੜਾ ਕਰ ਦਿੱਤਾ।

ਰਸਾਲੂ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਪਣੇ ਸ਼ਹਿਰ ਸਿਆਲਕੋਟ ਪਰਤਿਆ ਤਾਂ ਸ਼ਹਿਰ ਦੇ ਮੁਖ ਦੁਆਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲ਼ੇ ਦਾ ਹੁਕਮ ਹੈ! ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਤੇ ਮੰਨ ਕੇ ਰਸਾਲੂ ਉਹਨੀਂ ਪੈਰੀਂ ਵਾਪਸ ਮੁੜ ਪਿਆ। ਉਹਨੇ ਆਪਣੇ ਨਾਲ਼ ਪੰਜ ਸੱਤ ਹੋਰ ਗੱਭਰੂ ਲਏ, ਹਥਿਆਰਾਂ ਨਾਲ਼ ਲੈਸ ਹੋ ਕੇ ਘੋੜੇ 'ਤੇ ਅਸਵਾਰ ਹੋ, ਉਹ ਨਵੀਂਆਂ ਰਾਹਾਂ ਦੀ ਭਾਲ਼ ਲਈ ਤੁਰ ਪਿਆ! ਹੁਣ ਉਹਦੇ ਲਈ ਚਾਰੇ ਜਾਗੀਰਾਂ ਖੁੱਲ੍ਹੀਆਂ ਸਨ।

ਤੁਰਦੇ-ਤੁਰਦੇ ਉਹ ਜੰਗਲ ਬੀਆਬਾਨ ਵਿੱਚ ਪੁੱਜ ਗਏ.... ਸਾਂ ਸਾਂ ਕਰਦੀ ਕਾਲ਼ੀ ਬੋਲ਼ੀ ਰਾਤ। ਜੰਗਲੀ ਜਾਨਵਰਾਂ ਦੀਆਂ ਭਿਆਨਕ ਤੇ ਡਰਾਉਣੀਆਂ ਆਵਾਜ਼ਾਂ ਉਹਨਾਂ ਪਹਿਲੀ ਵਾਰ ਸੁਣੀਆਂ ਸਨ..... ਵਾਰੀ-ਵਾਰੀ ਜਾਗ-ਜਾਗ, ਰੱਬ-ਰੱਬ ਕਰਦਿਆਂ ਮਸੀਂ ਰਾਤ ਲੰਘੀ! ਸੁਨਿਆਰਾਂ ਦਾ ਮੁੰਡਾ ਤੇ ਤਰਖਾਣਾਂ ਦਾ ਮੁੰਡਾ ਰਸਾਲੂ ਨੂੰ ਅੱਧ ਵਿਚਕਾਰ ਛੱਡ ਕੇ ਵਾਪਸ ਪਰਤ ਆਏ ਪਰੰਤੂ ਸੂਰਮਾ ਰਸਾਲੂ ਨਵੇਂ ਦਿਸਹਦਿਆਂ ਦੀ ਖੋਜ ਵਿੱਚ ਅਗਾਂਹ ਟੁਰ ਗਿਆ....


ਪੰਜਾਬ ਦੇ ਲੋਕ ਨਾਇਕ/83