ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/89

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਆਪਣੀ ਸੁੱਧ ਬੁੱਧ ਗੰਵਾ ਬੈਠੀ.... ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿੱਚ ਕੀਲਿਆ ਗਿਆ.... ਪਿਆਰ ਭਰੇ ਬੋਲਾਂ ਨਾਲ਼ ਦੋਹਾਂ ਨੇ ਸਾਂਝ ਪਾ ਲਈ। ਸੌਂਕਣੀ ਨੇ ਆਪਣੇ ਬਾਪ ਕੋਲ਼ ਗੱਲ ਕੀਤੀ... ਹਰੀ ਚੰਦ ਰਸਾਲੂ ਨੂੰ ਆਪਣੇ ਮਹਿਲੀਂ ਲੈ ਗਿਆ। ਸੌਂਕਣੀ ਦੇ ਵਰ ਦੀ ਭਾਲ਼ ਵਿੱਚ ਉਹਨੇ ਕਈ ਵਰ੍ਹੇ ਲੰਘਾ ਦਿੱਤੇ ਸਨ। ਪਰੰਤੂ ਉਸ ਦੇ ਮੇਚ ਦਾ ਵਰ ਉਹਨੂੰ ਕਿਧਰੇ ਨਹੀਂ ਸੀ ਟਕਰਿਆ। ਰਸਾਲੂ ਨੂੰ ਵੇਖ ਹਰੀ ਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ਼ ਕਰਨ ਦਾ ਫ਼ੈਸਲਾ ਕਰ ਲਿਆ।

ਰਸਾਲੂ ਕਾਫ਼ੀ ਸਮਾਂ ਹਰੀ ਚੰਦ ਦੇ ਮਹਿਲਾਂ ਵਿੱਚ ਟਿਕਿਆ ਰਿਹਾ, ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ, ਕਦੀ ਦੋਹਮਨ ਨਾਂ ਦੇ ਗੱਭਰ ਨਾਲ਼ ਚੌਪਟ ਖੇਡਦਾ ਰਹਿੰਦਾ! ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਹਮਨ ਸੁਨਿਆਰ ਤੇ ਫਿਦਾ ਹੈ! ਦੋਹਮਨ ਤੇ ਸੌਂਕਣੀ ਅਕਸਰ ਲੁੱਕ ਕੇ ਮਿਲਦੇ ਰਹਿੰਦੇ ਸਨ! ਇਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਨ ਨਾਲ਼ ਚੌਪਟ ਖੇਡ ਰਿਹਾ ਸੀ.... ਉਹਨੇ ਵੇਖਿਆ ਦੋਹਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਵੇਖੀ ਜਾਂਦਾ ਹੈ। ਉਹਨੂੰ ਸ਼ੱਕ ਪਿਆ.... ਉਹਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ਼ ਰੱਖ ਲਿਆ... ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿੱਚ ਖੜੋਤੀ ਸੌਂਕਣੀ ਦਾ ਅਕਸ ਕਟੋਰੇ ਦੇ ਪਾਣੀ ਵਿੱਚ ਪਿਆ.... ਸ਼ੱਕ ਦੀ ਹੁਣ ਕੋਈ ਗੁੰਜ਼ਾਇਸ਼ ਹੀ ਨਹੀਂ ਸੀ ਰਹੀ.... ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫ਼ੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਹਮਨ ਨਾਲ਼ ਕਰਵਾ ਦਿੱਤਾ..... ਦੋ ਦਿਲਾਂ ਨੂੰ ਜੋੜ ਆਪ ਅਗਾਂਹ ਤੁਰ ਪਿਆ.....

ਸਮਾਂ ਬੀਤਦਾ ਗਿਆ .... ਕਈ ਵਰ੍ਹੇ ਇੰਜ ਹੀ ਬੀਤ ਗਏ। ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਘਾਈ ਰੱਖਿਆ.... ਕਈ ਛੋਟੇ ਮੋਟੇ ਰਾਜਿਆਂ ਨਾਲ਼ ਮੁਠਭੇੜਾਂ ਹੋਈਆਂ ਅਤੇ ਕਈ ਰਾਜ ਖੋਹੇ ਤੇ ਛੱਡੇ।

ਅਟਕ ਦੇ ਪਾਰ ਦਰਿਆ ਦੇ ਕੰਢੇ 'ਤੇ ਵਸੇ ਸ਼ਹਿਰ ਸਿਰੀਕੋਟ ਦੇ ਰਾਜਾ ਸਿਰਕੱਪ ਦੀ ਕਨਸੋ ਰਾਜਾ ਰਸਾਲੂ ਦੇ ਕੰਨੀਂ ਪਈ। ਸਿਰਕੱਪ ਬੜਾ ਨਿਰਦਈ ਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲ਼ੇ ਦਾ ਸਿਰ ਵੱਢ ਲੈਂਦਾ ਸੀ। ਇਸੇ ਕਰਕੇ ਉਸ ਦਾ ਨਾਂ ਸਿਰਕੱਪ ਪਿਆ ਹੋਇਆ ਸੀ। ਰਾਜਾ ਰਸਾਲੂ ਨੇ ਸਿਰਕੱਪ ਨਾਲ ਚੌਪਟ ਖੇਡਣ ਦਾ ਫ਼ੈਸਲਾ ਕਰ ਲਿਆ ਤੇ ਸਿਰੀਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ਼ ਵਿੱਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਸਿਰਕੱਪ ਦੇ ਬਾਗ਼ ਵਿੱਚ ਪੁੱਜਾ ਤਾਂ ਸਿਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ ਸੱਤ ਸਹੇਲੀਆਂ ਨਾਲ਼ ਪੀਂਘਾਂ ਝੂਟ ਰਹੀ ਸੀ। ਬਾਂਕੀ ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧਿਆ ਗਈਆਂ। ਹੁਸਨ ਮਚਲਿਆ, ਇਸ਼ਕ ਤੜਪਿਆ। ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁਲ੍ਹੀਆਂ 'ਚ ਮੁਸਕਰਾ ਕੇ ਬੋਲੀ, "ਅੜਿਆ ਇਕ ਪੀਂਘ ਦਾ ਝੂਟਾ ਈ ਦੇ ਛੱਡ, ਦੇਖਾਂ ਕਿੰਨਾ ਕੁ ਜ਼ੋਰ ਐ ਤੇਰੇ ਡੌਲ਼ਿਆਂ 'ਚ।"

ਪੰਜਾਬ ਦੇ ਲੋਕ ਨਾਇਕ/85