ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨੌਕਰ ਨੇ ਆ ਕੇ ਰਾਜਾ ਸਿਰਕੱਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ——ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ, "ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰਿਆ ਹਾਂ।"

"ਰਾਜਾ ਤੈਨੂੰ ਇਹ ਹੁਕਮ ਦੇਣ ਦਾ ਕੋਈ ਅਧਿਕਾਰ ਨਹੀਂ", ਰਾਜਾ ਰਸਾਲੂ ਸਿਰਕੱਪ ਨੂੰ ਮੁਖਾਤਿਬ ਹੋ ਕੇ ਬੋਲਿਆ, "ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਾ ਹੈਂ। ਤੂੰ ਆਪਣੀ ਧੀ ਨੂੰ ਨਹੀਂ ਮਾਰ ਸਕਦਾ, ਉਹ ਹੁਣ ਮੇਰੀ ਹੈ।"

ਰਾਜਾ ਸਿਰਕੱਪ ਨਿਮੋਝੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜਾ ਸੀ.. ਉਹਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ... ਸੈਂਕੜੇ ਮੌਤਾਂ ਦਾ ਵਣਜਾਰਾ ਆਪਣੀ ਮੌਤ ਨੂੰ ਵੇਖ ਕੇ ਥਰ-ਥਰ ਕੰਬ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਤਰਲਾ ਸੀ... ਜਾਨ ਬਖ਼ਸ਼ੀ ਲਈ ਉਹਦੇ ਬੁੱਲ੍ਹ ਕੰਬੇ।

ਦਿਆਵਾਨ ਰਸਾਲੂ ਦੇ ਮਨ ਵਿੱਚ ਦਿਆ ਆ ਗਈ, "ਤੈਨੂੰ ਇਕ ਸ਼ਰਤ 'ਤੇ ਮੁਆਫ਼ ਕਰ ਸਕਦਾ ਹਾਂ ਤੂੰ ਤੱਤੇ ਤਵੇ ਤੇ ਮੱਥੇ ਨਾਲ਼ ਲਕੀਰਾਂ ਕੱਢ ਕੇ ਬਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਂਗਾ ਅਤੇ ਨਾ ਹੀ ਕਿਸੇ 'ਤੇ ਜ਼ੁਲਮ ਕਰੇਂਗਾ।"

ਆਪਣੀ ਜਾਨ ਬਖ਼ਸ਼ੀ ਲਈ ਸਿਰਕੱਪ ਸੱਭੋ ਕੁਝ ਕਰਨ ਲਈ ਤਿਆਰ ਹੋ ਗਿਆ.... ਰਸਾਲੂ ਨੇ ਉਸ ਨੂੰ ਮੁਆਫ਼ ਕਰ ਦਿੱਤਾ.... ਰਾਜਾ ਸਿਰਕੱਪ ਨੇ ਬੜੇ ਆਦਰ ਨਾਲ ਆਪਣੀ ਨਵ ਜਨਮੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇਕ ਥਾਲ਼ ਵਿੱਚ ਸ਼ਗਨ ਵਜੋਂ ਅੰਬ ਦੀ ਟਾਹਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਂਟ ਕਰ ਦਿੱਤੀ। ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ!

ਕੁਝ ਦਿਨ ਰਾਜਾ ਸਿਰਕੱਪ ਦੀ ਪ੍ਰਾਹੁਣਾਚਾਰੀ ਮਾਨਣ ਪਿੱਛੋਂ ਰਾਜਾ ਰਸਾਲੂ ਅਗਾਂਹ ਜਾਣ ਦੀ ਤਿਆਰੀ ਕਰਨ ਲੱਗਾ ਤਾਂ ਉਹਨੇ ਬੰਦੀਖ਼ਾਨੇ ਵਿੱਚ ਕੈਦ ਕੈਦੀਆਂ ਦੀਆਂ ਆਹਾਂ ਸੁਣੀਆਂ। ਉਹਨੇ ਆਪ ਜਾ ਕੇ ਬੰਦੀਖਾਨੇ ਦਾ ਬੂਹਾ ਖੋਲ੍ਹ ਦਿੱਤਾ ਤੇ ਕੈਦੀ ਉਸ ਨੂੰ ਸੈਆਂ ਅਸੀਸਾਂ ਦੇਂਦੇ ਹੋਏ ਆਪਣੇ-ਆਪਣੇ ਘਰਾਂ ਨੂੰ ਚਲੇ ਗਏ!

ਸਿਰੀਕੋਟ ਤੋਂ ਵਿੱਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਆਣ ਡੇਰੇ ਲਾਏ। ਓਥੇ ਉਹਨੇ ਇਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਅੰਬ ਦਾ ਬੂਟਾ ਲਾ ਕੇ ਆਖਿਆ, "ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਓਦੋਂ ਕੋਕਲਾਂ ਭਰ ਜ਼ੋਬਨ ਮੁਟਿਆਰ ਬਣ ਜਾਵੇਗੀ। ਫੇਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ।"

ਕੋਕਲਾਂ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ। ਉਹ ਮਹਿਲ ਮਗਰੋਂ ਰਾਣੀ ਕੋਕਲਾਂ ਦੇ ਧੌਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ.... ਕੱਲਮ ਕੱਲੀ ਉਹ ਜਵਾਨ ਹੋਣ ਲੱਗੀ। ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਨਾਲ਼ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ। ਕੇਹੀ ਜ਼ਿੰਦਗੀ ਸੀ ਉਹਦੀ ਕੱਲਮ

ਪੰਜਾਬ ਦੇ ਲੋਕ ਨਾਇਕ/87