ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਮੁਹਈਏ ਪੁਚਾਂਦੇ ਰਹੇ। ਉਸ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ਤੇ ਸਾਂਦਲ ਬਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਾਸੂਸ ਦੀਆਂ ਦਾਹੜੀ ਮੁੱਛਾਂ ਮੁੰਨ ਦਿੱਤੀਆਂ।

ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉੱਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗ਼ਲ ਫ਼ੌਜਾਂ ਸਾਂਦਲ ਬਾਰ ਵੱਲ ਵਧੀਆਂ।

ਚੜ੍ਹਿਆ ਸੀ ਮਿਰਜ਼ਾ ਨਿਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ
ਹੌਲ਼ੀ ਹੌਲ਼ੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ
ਸਾਰੇ ਬੈਠਕਾਂ ਦਵਾਨਖ਼ਾਨੇ ਢਾਹ ਦਿੱਤੇ
ਇੱਟਾਂ ਬਣਾਂ ਦੇ ਵਿੱਚ ਖਿੰਡਾਈਆਂ
ਟਕੇ ਟਕੇ ਦੇ ਸਪਾਹੀ ਅੰਦਰ ਜਾ ਵੜੇ

ਮਾਰਨ ਛਮਕਾਂ ਤੇ ਕਰਨ ਕਰੜਾਈਆਂ....

(ਪਾਲੀ ਸਿੰਘ)

ਮੁਗ਼ਲ ਫ਼ੌਜਾਂ ਨੇ ਪਿੰਡੀ ਨੂੰ ਘੇਰ ਲਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ਼ ਜਾ ਲੜਾਈ ਕੀਤੀ ਤੇ ਉਹਨਾਂ 'ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਦੁੱਲੇ ਦਾ ਪੁੱਤਰ ਨੂਰ ਖਾਂ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਮੁਗ਼ਲ ਫ਼ੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ਼ ਜਾ ਪਿਆ।

ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ 'ਕ ਦਿਨ ਕੱਟ ਸਕਦੀ ਸੀ। ਆਖ਼ਰ ਦੁੱਲਾ ਬੜੀ ਬਹਾਦਰੀ ਨਾਲ਼ ਲੜਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।

ਪੰਜਾਬ ਦੇ ਲੋਕ ਨਾਇਕ/95