( ੪੬ )
ਸੁਥਰਾ ਸ਼ਾਹ
ਰਿਆਸਤ ਪਟਿਆਲਾ ਦੇ ਇਕ ਪਿੰਡ ਵਿੱਚ ਗੁਰੂ ਹਰਗੋਬਿੰਦ ਜੀ ਦੇ ਅੰਤਲੇ ਸਮੇਂ ੧੬੧੫ ਈ: ਨੂੰ ਆਪ ਦਾ ਜਨਮ ਹੋਇਆ। ਬਾਵਾ ਬੁਧ ਸਿੰਘ ਜੀ ਸੁਥਰੇ ਦੇ ਜਨਮ ਬਾਰੇ ਦਸਦੇ ਹਨ ਕਿ ਜਦ ਸੁਬਰੇ ਦਾ ਜਨਮ ਹੋਇਆ ਤਾਂ ਉਸ ਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਕੋਈ ਬਲਾ ਪੈਦਾ ਹੋਈ ਹੈ। ਉਨ੍ਹਾਂ ਨੇ ਆਪ ਨੂੰ ਕਪੜੇ ਵਿੱਚ ਵਲ੍ਹੇਟ ਕੇ ਜੰਗਲ ਵਿੱਚ ਸੁਟਵਾ ਦਿਤਾ ! ਰਬ ਦੀ ਸ਼ਾਨ ਉਥੇ ਇਕ ਕੁੱਤੀ ਨੇ ਬਚੇ ਦਿਤੇ ਹੋਏ ਸਨ। ਕੁਤੀ ਇਨ੍ਹਾਂ ਨੂੰ ਭੀ ਆਪਣਾ ਬੱਚ ਸਮਝ ਕੇ ਦੁਧ ਪਿਲਾਂਦੀ ਰਹੀ ਅਤੇ ਆਪ ਉਸ ਦੇ ਬਚਿਆਂ ਨਾਲ ਹੀ ਪਰਵਰਿਸ਼ ਪਾਂਦੇ ਰਹੇ।
ਇਕ ਦਿਨ ਗੁਰੂ ਹਰ ਗੋਬਿੰਦ ਸਾਹਿਬ ਜੀ ਉਸ ਪਾਸਿਓਂ ਲੰਘੇ। ਉਨਾਂ ਵੇਖਿਆ ਕਿ ਕੁੱਤੀ ਦੇ ਬਚਿਆਂ ਵਿੱਚ ਇਕ ਮਨੁੱਖ ਦਾ ਬਚਾ ਹੈ ਤਾਂ ਉਸ ਨੂੰ ਚੁਕਵਾ ਕੇ ਉਸ ਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ। ਆਪ ਦੇ ਜਨਮ ਬਾਬਤ ਹੋਰ ਲੋਕ ਵੀ ਅਜੇਹੀ ਰਵਾਇਤ ਹੀ ਦਸਦੇ ਹਨ।
ਸੁਬਰਾ ਬਾਲ ਅਵਸਥਾ ਤੋਂ ਹੀ ਸ਼ੋਖ ਅਤੇ ਮਖੋਲੀਆ ਸੀ। ਆਪ ਦੀ ਉਮਰ ਬਹੁਤ ਲੰਮੀ ਹੋਈ ਹੈ ਅਤੇ ਆਪ ਨੇ ਗੁਰੂ ਹਰਗੋਬਿੰਦ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਦਰਸ਼ਨ ਕੀਤੇ ਹਨ ਅਤੇ ਸਭ ਗੁਰੂਆਂ ਦੀ ਸੰਗਤ ਵਿਚ ਰਿਹਾ ਹੈ।
ਕਹਿੰਦੇ ਹਨ, ਇਕ ਵਾਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਿੱਖ ਹੋਲੇ ਦਾ ਪੁਰਬ ਮਨਾ ਰਹੇ ਸਨ ਅਤੇ ਗੁਰੂ ਸਾਹਿਬ ਜੀ ਇਸ ਅਦਭੁਤ ਨਜ਼ਾਰੇ ਨੂੰ ਵੇਖ ਕੇ ਪ੍ਰਸੰਨ ਹੋ ਰਹੇ ਸਨ ਕਿ ਸੁਥਰਾ ਭੀ ਮੁੰਹ ਸਿਰ ਕਾਲਾ ਕਰ ਕੇ ਅਤੇ ਕਾਲੇ ਕਪੜੇ ਪਾਈ ਦੀਵਾਨ ਵਿੱਚ ਆ ਬੈਠਾ। ਸਿਖਾਂ ਨੇ ਗੁਰੂ ਸਾਹਿਬ ਪਾਸ ਸ਼ਕਾਇਤ ਕੀਤੀ ਅਤੇ ਗੁਰੂ ਜੀ ਨੇ ਸੁਥਰੇ ਨੂੰ ਬੁਲਾ ਘਲਿਆ। ਸੁਥਰੇ ਨੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਮੇਰੇ ਬੜੇ ਧੰਨ ਭਾਗ ਹਨ ਜੋ ਆਪ ਦੇ ਦਰਸ਼ਨਾਂ ਦਾ ਸਮਾਂ ਅਜ ਨਸੀਬ ਹੋਇਆ ਹੈ। ਮੈਂ ਕਈ ਵਾਰੀ ਆਪ ਦੇ ਦਰਸ਼ਨਾਂ ਨੂੰ ਤਰਸਦਾ ਰਿਹਾ ਹਾਂ ਪਰ ਮੇਰੇ ਭਾਗ ਕਿਥੋਂ। ਇਸ ਲਈ ਮੈਂ ਨੇ ਇਹ ਤਰੀਕਾ ਧਾਰਨ ਕੀਤਾ ਸੀ ਤਾਂ ਜੋ ਆਪ ਦੇ ਦੀਦਾਰ ਕਰ ਸਕਾਂ। ਸੁਥਰੇ ਨੇ ਜਦ ਇਹ ਦਸਿਆ ਕਿ ਮੇਰੀ ਪਾਲਣਾ ਗੁਰੂ ਹਰਿਗੋਬਿੰਦ ਜੀ ਦੇ ਪਵਿਤਰ ਹਥਾਂ ਵਿੱਚ ਹੋਈ ਹੈ ਤਾਂ ਸਤਿਗੁਰੂ ਜੀ ਬਹੁਤ ਖੁਸ਼ ਹੋਏ ਅਤੇ ਫ਼ਰਮਾਇਆ 'ਕੁਝ ਮੰਗ ਲੈ' ਤਾਂ ਸੁਬਰੇ ਨੇ ਬੇਨਤੀ ਕੀਤੀ ਕਿ ਸਚੇ ਪਾਤਸ਼ਾਹ ਮੈਨੂੰ ਇਹ ਦਾਨ ਦਿਓ ਕਿ ਆਪ ਦੇ ਸੇਵਕ ਮੇਰੇ ਸੇਵਕਾਂ ਨੂੰ ਜਦ ਉਹ ਮੰਗਣ ਆਇਆ ਕਰਨ ਤਾਂ ਦੋ ਨਾਨਕ ਸ਼ਾਹੀ ਪੈਸੇ ਦੇ ਦਿਤਾ ਕਰਨ।
ਇਹ ਰਵਾਜ ਹੋ ਗਿਆ ਕਿ ਸਾਲ ਵਿਚ ਇਕ ਅੱਧ ਵਾਰੀ ਜਦ ਸੁਥਰੇ ਸ਼ਾਹੀ ਫ਼ਕੀਰ ਡੰਡੇ ਵਜਾਉਂਦੇ ਆਉਂਦੇ ਤਾਂ ਹਰ ਸਿਖ ਪਹਿਲਾਂ ਦੇ ਨਾਨਕ ਸ਼ਾਹੀ ਪੈਸੇ ਦਿਤਾ ਕਰਦਾ ਅਤੇ ਹੁਣ ਇਕ ਪੈਸਾ ਦੇ ਦਿੰਦੇ ਹਨ ।