ਪੰਨਾ:ਪੰਜਾਬ ਦੇ ਹੀਰੇ.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੬o )

ਕਿੱਸਾ ਯੂਸਣ ਜ਼ਲੈਖਾਂ ਆਪ ਨੇ ਨਵਾਬ ਜਾਫਰ ਖਾਂ ਦੇ ਕਹਿਣ ਤੇ ੧੦੯੦ ਹਿ: (੧੬੮੭ ਈ:) ਵਿਚ ਔਰੰਗਜ਼ੇਬ ਦੇ ਸਮੇਂ ਲਿਖਿਆ। ਇਸ ਦੇ ਬਦਲੇ ਨਵਾਬ ਸਾਹਿਬ ਨੇ ਆਪ ਨੂੰ ਸੱਤ ਵਿਘੇ ਜ਼ਮੀਨ, ਇਕ ਘੋੜਾ, ਇਕ ਸਿਰਪਾ ਤੇ ਸੌ ਰੁਪਿਆ ਨਕਦ ਇਨਾਮ ਵਜੋਂ ਦਿਤਾ। ਆਪ ਲਿਖਦੇ ਹਨ:-

ਦੇ ਤਰਤੀਬ ਮਰਤਬ ਕੀਤਾ ਹਾਫਜ਼ ਇਹ ਰਸਾਲਾ।
ਗ਼ਮ ਯਾਕੂਬੇ ਹਿਜਰ ਯੂਸਫ ਦੇ ਸੋਜ਼ ਜ਼ਲੈਖਾਂ ਵਾਲਾ।
ਕਿੱਸਾ ਜੋੜ ਮੁਰੱਤਬ ਕੀਤਾ ਬਰਖੁਰਦਾਰ ਵਿਚਾਰੇ।
ਜਾਂ ਨੱਵੇ ਸਾਲ ਹਜ਼ਾਰਰੋਂ ਉੱਤੇ ਕਾਮਲ ਗੁਜ਼ਰੇ ਸਾਰੇ।
ਮੈਂ ਨੈਣਾਂ ਦੇ ਨਾਲ ਪਰੋਤੇ ਚੁਣ ਚੁਣ ਦੁਰਰ ਯਗਾਨ।
ਤਾਂ ਇਹ ਹਾਰ ਮੁਰੱਤਬ ਹੋਇਆ ਆਲਮਗੀਰ ਜ਼ਮਾਨੇ।
ਨਵਾਬ ਜਾਫਰ ਖਾਂ ਇਹ ਖਾਹਸ਼ ਕੀਤੀ ਤਾਂ ਇਹ ਕਿੱਸਾ ਬਣਿਆ।
ਜ਼ਾਹਰ ਬਾਤਨ ਰਾਜ਼ੀ ਹੋਇਆ ਜਾਂ ਇਹ ਪੜ੍ਹਿਆ ਸੁਣਿਆ।
ਇਕ ਜ਼ਮੀਨ ਅਨਾਇਤ ਕੀਤੀ ਬੀਗ੍ਹਾ ਸਤ ਪਛਾਣੀ।
ਜੋੜਾ ਘੋੜਾ ਨਕਦ ਦਿਵਾਇਆ ਸੌ ਰੁਪਿਆ ਜਾਨੀ।

ਵਨਗੀ ਯੂਸਉ ਜ਼ੁਲੈਖਾਂ ਵਿਚੋਂ:-

ਖੂਹੇ ਅੰਦਰ ਤ੍ਰੈ ਦਿਨ ਰਾਤੀਂ ਯੂਸਫ ਬੈਠ ਲੰਘਾਏ।
ਹੋਇਆ ਹੁਕਮ ਇਲਾਹੀ ਜ਼ਾਹਰ ਸੈ ਕਰਵਾਣੀ ਆਏ।
ਉਥੇ ਆ ਕਿਆਮ ਕੀਤੋ ਨੇ ਖੂਹ ਡਿਠੋ ਨੇ ਪਾਣੀ।
ਗਿਰਦ ਬਿਗਿਰਦੇ ਖੂਹ ਕਿਨਾਰੇ ਆਣ ਲਥੇ ਕਰਵਾਣੀ।
ਜਿਨ੍ਹਾਂ ਸੀ ਦਰਵੇਸ਼.......ਪਾਣੀ ਬੋਕਾ ਖੂਹ ਵਹਾਇਆ।
ਜਬਰਾਈਲ ਚਲਾਕੀ ਕਰਕੇ ਯੂਸਫ ਵਿਚ ਬਹਾਇਆ।
ਕੀਤੇ ਜ਼ੋਰ ਨ ਹਿੱਲੇ ਬੋਕਾ ਅਜਬ ਤਮਾਸ਼ਾ ਬਣਿਆ।
ਰਲ ਕੇ ਜਮ੍ਹਾ ਹੋਏ ਕਰਵਾਣੀ ਜ਼ੋਰ ਕੀਤਾ ਚਾ ਜਣਿਆ।
ਜਿਉਂ ਜਿਉਂ ਨੇੜੇ ਆਂਦੇ ਉਹ ਖੂਹੇ ਵਿਚ ਲਗੇ।
ਦੇਖ ਹੋਏ ਮੁਤਹੱਈਅਰ ਸਾਰੇ ਭੱਜ ਭੱਜ ਹੋਵਣ ਅਗੇ।
ਅਸੀਂ ਕੁਦਰਤ ਤੇਰੀ ਥਾਂ ਕੁਰਬਾਨ ਹੋਏ ਆਂ ਬਾਰ ਖੁਦਾਇਆ।
ਇਹ ਤਾਂ ਚੰਨ ਆਹਾ ਅਸਮਾਨੀ ਖੂਹ ਅੰਦਰ ਕਿਵੇਂ ਆਇਆ।
ਅਸੀਂ ਮੁਲਕੀਂ ਫਿਰਦੇ ਬੁਢੇ ਹੋਏ ਅਜਿਹੇ ਇਨਸਾਨ ਨ ਡਿਠੇ।
ਉੱਚਾ ਸ਼ੋਰ ਕਰਾਰਾ ਕਰ ਕੇ ਹੋਏ ਕੁਲ ਇਕੱਠੇ।

ਹਾਫਜ਼ ਬਰਖੁਰਦਾਰ ਦੀ ਦੂਜੀ ਲਿਖਤ ਸੱਸੀ ਪੁੰਨੂੰ ਦੀ ਵੰਨਗੀ

ਹਾਫਜ਼ ਵਾਲੀ ਸ਼ਹਿਰ ਭੰਬੋਰ ਦਾ ਆਹਾ ਆਦਮ ਜਾਮ।
ਉਸ ਨੂੰ ਰਬ ਨਵਾਜ਼ੀ ਪਿਰਥਮੀ, ਨਿਉਂ ਨਿਉਂ ਕਰੇ ਸਲਾਮ।
ਧੁਰੋਂ ਅਤਾਯਤ ਅਮਰ ਦੀ ਲਿਖੀ ਵਿਚ ਕਲਾਮ।
ਅਤੇ ਸ਼ਾਹ ਨਮੂਨਾ ਰੱਬ ਦਾ ਤਿਸਨੂੰ ਕਰਦੀ ਖਲਕ ਕਿਆਮ।