ਪੰਨਾ:ਪੰਜਾਬ ਦੇ ਹੀਰੇ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

________________

ਵਖ ਵਖ ਪੇਸ਼ਾਵਰਾਂ ਨੇ ਭੀ ਆਪਣੇ ਆਪਣੇ ਨਿਸ਼ਾਨ ਤੇ ਇਸ਼ਾਰੇ ਭੀ ਘੜੇ ਹੋਏ ਹਨ; ਪਰ ਇਨ੍ਹਾਂ ਦਾ ਸੰਬੰਧ ਗੁਰਮੁਖੀ ਨਾਲ ਕੋਈ ਨਹੀਂ।

ਪੰਜਾਬੀ ਅਤੇ ਮੁਸਲਮਾਨ

ਜੈਸਾ ਕਿ ਅੱਗੇ ਜ਼ਿਕਰ ਆ ਚੁਕਾ ਹੈ, ਪੰਜਾਬ ਵਿਚ ਆ ਕੇ ਮੁਸਲਮਾਨ ਵੱਸੇ ਰੱਸੇ, ਤਾਂ ਉਨਾਂ ਨੂੰ ਇਥੋਂ ਦੇ ਲੋਕਾਂ ਨਾਲ ਮੇਲ ਜੋਲ ਤੇ ਗਲ ਬਾਤ ਲਈ ਰਲੀ ਮਿਲੀ ਬੋਲੀ ਬਣਾ ਲਈ ਅਰ ਲਗ ਪਗ ੨੦੦ ਵਰੇ (ਸੰਨ ੧੨੦੦ ਈ:) ਵਿਚ ਪੰਜਾਬੀ ਨੂੰ ਚੰਗੀ ਤਰਾਂ ਸਿਖ ਲਿਆ ਅਤੇ ਇਥੋਂ ਦੇ ਲੋਕਾਂ ਵਿਚ ਇਸਲਾਮੀ ਪਰਚਾਰ ਲਈ ਪੰਜਾਬੀ ਜ਼ਬਾਨ ਨੂੰ ਆਪਣੇ ਖ਼ਿਆਲ ਜ਼ਾਹਿਰ ਕਰਨ ਦਾ ਵਸੀਲਾ ਬਣਾਇਆ। ਪੰਜਾਬੀ ਬੋਲ ਚਾਲ ਦੇ ਨਾਲ ਹੀ ਸ਼ਾਇਰੀ ਭੀ ਪੰਜਾਬੀ ਵਿਚ ਹੀ ਸ਼ੁਰੂ ਕਰ ਦਿਤੀ। ਪ੍ਰੋਫੈਸਰ ਮਹਮੂਦ ਸ਼ੀਰਾਨੀ ਸਾਹਿਬ ਆਪਣੀ ਰਚਨਾ "ਪੰਜਾਬ ਮੇਂ ਉਰਦੂ" ਵਿਚ ਲਿਖਦੇ ਹਨ, “ਖਾਜਾ ਮਸਊਦ ਸਯਦ ਦੇ ਬਾਦ ਪੰਜਾਬੀ ਦੇ ਪਹਿਲੇ ਸ਼ਾਇਰ ਫਰੀਦੁੱਦੀਨ ਮਸਊਦ (ਬਾਵਾ ਫਰੀਦ) ਹਨ, ਜੋ ੯੯੪ ਹਿਜਰੀ ਵਿਚ ਕਲ ਹੋਏ।" ਬਾਵਾ ਫਰੀਦ ਹੀ ਪਹਿਲੇ ਸ਼ਖਸ ਹਨ, ਜਿਨਾਂ ਨੇ ਆਪਣੇ ਖ਼ਿਆਲ ਪੰਜਾਬੀ ਕਵਿਤਾ ਵਿਚ ਪ੍ਰਗਟ ਕੀਤੇ (ਮਾਨੋਂ ਪੰਜਾਬੀ ਸ਼ਾਇਰੀ ਦੀ ਨੀਂਹ ਆਪ ਦੇ ਹਥੋਂ ਰਖੀ ਗਈ। ਆਪ ਦੇ ਬਾਦ ਬਹੁਤੇਰੇ ਮੁਸਲਮਾਨਾਂ ਨੇ ਪੰਜਾਬੀ ਸ਼ਾਇਰੀ ਵਿਚ ਕਿਤਾਬਾਂ ਅਤੇ ਕਈ ਰਸਾਲੇ ਲਿਖੇ, ਜਿਨ੍ਹਾਂ ਵਿਚੋਂ ਬਹੁਤੇ ਮਜ਼ਹਬੀ ਪਰਚਾਰ ਦੇ ਆਧਾਰ ਉਤੇ ਸਨ ਅਰ ਓਹ ਸਾਰੇ ਦੇ ਸਾਰੇ ਫ਼ਾਰਸੀ ਯਾ ਅਰਬੀ ਅੱਖਰਾਂ ਵਿਚ ਸਨ। ਅਰਬੀ ਲਿਖਣ ਦਾ ਢੰਗ ਉਨ੍ਹਾਂ ਨੇ ਇਸ ਲਈ ਵਰਤਿਆ ਕਿ ਪਿੰਡਾਂ ਦੀਆਂ ਮੁਸਲਮਾਨ ਤ੍ਰੀਮਤਾਂ ਤੇ ਬੱਚੇ ਆਮ ਕਰ ਕੇ ਅਤੇ ਸ਼ਹਿਰਾਂ ਦੇ ਤੀਵੀਆਂ ਬੱਚੇ ਖਾਸ ਕਰ ਪਹਿਲੇ ਪਹਿਲ ਕਰਾਨ ਅਰੰਭਦੇ ਸਨ, ਜੋ ਅਰਬੀ ਅਖਰਾਂ ਵਿਚ ਹੈ। ਇਸ ਤੋਂ ਬਾਦ ਲੜਕੇ ਤਾਂ ਬਾਕੀ ਵਿਦ੍ਯਾ ਲਈ ਫਾਰਸੀ ਅੱਖਰ ਵਰਤ ਲੈਂਦੇ ਸਨ ਪਰ ਤੀਵੀਆਂ ਤੇ ਕੁੜੀਆਂ ਨੂੰ ਹੋਰ ਵਿਦ੍ਯਾ ਨਾ ਮਿਲ ਸਕਦੀ ਤਾਂ ਮੋਟੇ ਮੋਟੇ ਦੀਨੀ ਮਸਲੇ ਆਮ ਵਾਕਫੀਅਤ ਵਾਸਤੇ ਪੰਜਾਬੀ ਬੋਲੀ ਅਤੇ ਅਰਬੀ ਅੱਖਰਾਂ ਵਿਚ ਰਚ ਲਏ ਜਾਂਦੇ। ਇਸ ਮਤਲਬ ਦੇ ਛੋਟੇ ਛੋਟੇ ਰਸਾਲੇ ਜਿਹਾ ਕਿ ਪੱਕੀ ਰੋਟੀ, ਨੂਰ ਨਾਮਾ, ਨਜਾਤੁਲ ਮੋਮਨੀਨ, ਰੋਸ਼ਨ ਦਿਲ ਆਦਿਕ ਪੜ੍ਹੀਂਂਦੇ ਚਲੇ ਆਏ ਹਨ।

ਮੁਸਲਮਾਨ ਕਵੀਆਂ ਨੇ ਇਥੋਂ ਦੇ ਵਾਯੂ ਮੰਡਲ ਦੇ ਅਨਕੁਲ ਲੇਲਾਂ ਮਜਨੂੰ, ਸ਼ੀਰੀਂ ਫਰਿਹਾਦ,ਯੂਸਫ਼ ਜ਼ੁਲੈਖਾਂ ਆਦਿਕ ਪ੍ਰਦੇਸੀ ਅਰ ਹੀਰ ਰਾਂਝਾ, ਸੋਹਣੀ ਮਹੀਂਵਾਲ, ਸਸੀ ਪੁੰਨੂੰ ਆਦਿਕ ਦੇਸੀ ਪ੍ਰੇਮ ਕਿਸੇ ਲਿਖਣ ਦੇ ਨਾਲ ਨਾਲ ਸੂਫੀਆਨਾ ਕਲਾਮ, ਗੁਲਿਸਤਾਂ, ਬੋਸਤਾਂ ਅਰ ਹੋਰ ਫਾਰਸੀ ਦਰਸੀ ਕਿਤਾਬਾਂ ਦੇ ਟੀਕੇ, ਕੁਰਾਨ ਤੇ ਹਦੀਸਾਂ ਆਦਿਕ ਦੇ ਤਰਜਮੇ ਆਦਿਕ ਪੰਜਾਬੀ ਬੋਲੀ ਵਿਚ ਇਸ ਬਹੁਤਾਤ ਨਾਲ ਪੇਸ਼ ਕੀਤੇ ਕਿ ਹਿੰਦੀ ਮਧਮ ਪੈ ਗਈ ਅਰ ਪੰਜਾਬੀ ਦਾ ਘਰ ਘਰ ਚਰਚਾ ਹੋਣ ਲਗਾ।

-੫-