ਪੰਨਾ:ਪੰਜਾਬ ਦੇ ਹੀਰੇ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

ਕਿਸੀ ਨ ਹੋਸਨ ਜ਼ੁਲੈਖਾਂ ਜਿਹਾ, ਜਦੋਂ ਆਈ ਘਰ ਬਾਬੇ।
ਮਿਹਤਰ ਯੂਸਫ ਨਜਰੀ ਆਇਸ, ਕੋਲ ਖਲਾ ਵਿੱਚ ਖ਼ਾਬੇ।

ਵੇਖ ਜਮਾਲ ਯੂਸਫ ਦਾ ਜਾਗੀ, ਕਿਆ ਸਮ੍ਹਾਲਾ ਸੋਝਾ।
ਰੰਗ ਤਗ਼ਈਅਰ ਜ਼ਰਦ ਹੋਇਆ, ਵਿੱਚ ਤਨ ਦੇ ਮਿਲਿਆ ਹੋਝਾ।
 
ਦਾਇਮ ਹੁਬ ਸੂਰਤ ਯੂਸਫ ਦੇ, ਦਿਲ ਤੋਂ ਵੰਞਸ ਨਾਹੀਂ।
ਮਸਰ ਸ਼ੈਹਰ ਥੀਂ ਸ਼ੇਹਰ ਜ਼ੁਲੈਖਾਂ, ਆਹਾ ਪੰਦਾ ਚਹੀਂ ਮਾਹੀਂ।

ਹਾਜੀ ਨੂਰ ਮੁਹੰਮਦ ਸਾਹਿਬ

ਆਪ ਸ਼ੇਰ ਗੜ੍ਹ (ਸਿੰਧ) ਦੇ ਵਸਨੀਕ ਸਨ। ਆਪ ਨੇ ਇਕ ਮੁਖਤਸਿਰ ਜਿਹਾ ਰਸਾਲਾ ਮਈਅਤ ਨਾਮਾ ਲਿਖਿਆ ਹੈ, ਜਿਸ ਵਿਚ ਮੁਰਦੇ ਦੇ ਕਫਨ ਦਫ਼ਨ ਅਤੇ ਦੁਆ ਆਦਿ ਦੇ ਮਸਲੇ ਬਿਆਨ ਕੀਤੇ ਗਏ ਹਨ। ਮਈਅਤ ਨਾਮਾ ੧੧੪੦ ਹਿ: ਦੀ ਲਿਖਤ ਹੈ। ਫਰਮਾਂਦੇ ਹਨ:

ਸਨ ਯਾਰਾਂ ਸੈ ਆਹੀ ਚਾਲ, ਤਿਦਨ ਅਸਾਂ ਇਹ ਗੱਲ ਸੰਭਾਲੀ।
ਚੌਦਾਂ ਵੀਹਾਂ ਬੈਂਤ ਬਣਾਏ, ਮਸਲੇ ਜ਼ਾਹਰ ਆਖ ਸੁਣਾਏ।

ਲਿਖਣ ਦੇ ਕਾਰਨ ਵਿੱਚ ਨੀਮ ਇਲਮ ਮੁਲਾਂ ਬਾਬਤ ਲਿਖਦੇ ਹਨ। ਵੇਖੋ:-

ਵਸਤੀਆਂ ਵਿੱਚ ਮੁਲਾਂ ਰਹਾਂਦੇ,ਘਿਨ ਖਲਕਤ ਥੀਂ ਠੱਗਾਂ ਖਾਂਦੇ।
ਨ ਜਾਨਣ ਹੀਲਾ ਨੇ ਅਸਤਕਾਤ,ਨ ਜਾਨਣ ਗੁਸਲ ਕਫਨ ਦੀ ਬਾਤ।
ਪਾੜ ਨਾ ਜਾਨਣ ਮਿਕਦਾਰ ਕਫ਼ਨ ਦਾ,ਨ ਕੁਝ ਜਾਨਣ ਹੱਕ ਦਫਨ ਦਾ।
ਲੇਖਾ ਚੋਖਾ ਸਭ ਕੁਝ ਜਾਨਣ, ਪਰ ਮਸੁਲੇ ਦਿਲ ਥੀਂ ਮੂਲ ਨ ਆਨਣ।
ਮੁਲਾਂ ਕਾਜ਼ੀ ਹੋ ਕਰ ਬਹਿੰਦੇ, ਨਾਲ ਮਗਰੂਰੀ ਜਾਹਲ ਰਹਿੰਦੇ।
ਆਪੋ ਜੋੜਵੇਂ ਮਸਲੇ ਕਹਿੰਦੇ, ਵਬਾਲ ਕਿਆਮਤ ਸਿਰ ਤੇ ਲੈਂਦੇ।
ਉਨ੍ਹਾਂ ਵਾਸਤੇ ਢਿਕਰ ਕੀਤੇ ਸੇ, ਜਿਵੇਂ ਵਿੱਚ ਕਿਤਾਬਾਂ ਡਿਠੋ ਸੇ।

ਕਾਦਰਯਾਰ

ਕੌਮ ਸੰਧੂ ਜੱਟ। ਆਪ ਦਾ ਜਨਮ ਪਿੰਡ ਮਾਛੀ ਕੇ ਜ਼ਿਲਾ ਗੁਜਰਾਂਵਾਲੇ (ਹਾਲ ਜ਼ਿਲਾ ਸ਼ੇਖੂਪੁਰਾ) ਵਿੱਚ ਹੋਇਆ। ਕੌਮ ਦੇ ਜੱਟ ਅਤੇ ਖੇਤੀ ਬਾੜੀ ਕਰਦੇ ਸਨ। ਆਪ ਖੁਦ ਲਿਖਦੇ ਹਨ:-

"ਮੈਂ ਦਹਿਕਾਨ ਬੇਇਲਮ ਵਿਚਾਰਾ, ਦੋਸ਼ ਨ ਚਾਹੀਏ ਧਰਿਆ"।