ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਪੁਸਤਕ 'ਯਾਦਗਾਰੇ ਵਾਰਸ' ਵਿਚ ਲਿਖਦੇ ਹਨ ਕਿ ਭਾਗ ਭਰੀ ਦੇ ਵਾਰਸਾਂ ਨੇ ਸ਼ਾਹ ਸਾਹਿਬ ਨੂੰ ਮਰਿਆ; ਪਰ ਇਹ ਗੱਲ ਕੁਝ ਓਪਰੀ ਜਹੀ ਜਾਪਦੀ ਹੈ, ਕਿਉਂ ਜੋ ਮੁਸਲਮਾਨ ਸਯਦ ਦੀ ਬੜੀ ਇਜ਼ਤ ਕਰਦੇ ਹਨ ਤੇ ਹਰ ਫਿਰਕੇ ਦੇ ਮੁਸਲਮਾਨ ਸਯਦਾਂ ਨੂੰ ਧੀਆਂ ਦੇਣੀਆਂ ਵਡਿਆਈ ਸਮਝਦੇ ਹਨ। ਪਰ ਇਹ ਗਲ ਸੱਚੀ ਜਾਪਦੀ ਹੈ, ਕਿ ਉਨ੍ਹਾਂ ਨੂੰ ਇਸ਼ਕ ਹੋਇਆ ਅਤੇ ਇਹ ਇਕ ਕੁਦਰਤੀ ਸ਼ੈ ਸੀ, ਕਿਉਂਕਿ ਨਿਸਚੇ ਹੁੰਦਾ ਹੈ, ਕਿ ਇਹ ਇਸ਼ਕ ਹੀ ਆਪ ਦੀ ਸ਼ਾਇਰੀ ਦਾ ਕਾਰਨ ਹੋਇਆ। ਆਪ ਨੇ ਆਪਣੀ ਤੇ ਉਸ ਇਸਤ੍ਰੀ (ਜਿਸ ਦਾ ਨਾਓਂ ਭਾਗ ਭਰੀ ਦਸਿਆ ਜਾਂਦਾ ਹੈ)ਦੀ ਮੁਹੱਬਤ ਨੂੰ ਹੀਰ ਰਾਂਝੇ ਦੀ ਮੁਹੱਬਤ ਖਿਆਲ ਕਰ ਕੇ ਹੀਰ ਰਾਂਝੇ ਦੇ ਸਿਰ ਲੇਖ ਹੇਠਾਂ ਇਕ ਇਸ਼ਕੀਆ ਕਿੱਸਾ ਲਿਖਣਾ ਸ਼ੁਰੂ ਕੀਤਾ।

ਵਾਰਸ ਸ਼ਾਹ ਨੇ ਆਪਣੀ ਕਿਤਾਬ ਵਿਚ ਕਈ ਥਾਵਾਂ ਤੇ ਭਾਗ ਭਰੀ ਦਾ ਨਾਉਂ ਵਰਤਿਆ, ਜਿਸ ਦੇ ਅਰਥ ਦੋ ਲਏ ਜਾ ਸਕਦੇ ਹਨ। ਇਕ ਮਹਬੂਬਹ (ਪ੍ਰੇਮਣ) ਦੂਜਾ ਭਲੇ ਭਾਗਾਂ ਵਾਲੀ। ਪਰ ਵਾਰਸ ਸ਼ਾਹ ਦਾ ਕਮਾਲ ਫੱਨ ਹੈ ਕਿ ਉਨ੍ਹਾਂ ਨੇ ਇਸ ਸ਼ਬਦ ਨੂੰ ਹਰ ਥਾਂ ਤੇ ਏਸ ਖੂਬੀ ਨਾਲ ਵਰਤਿਆ ਕਿ ਕੋਈ ਪੁਰਸ਼ ਯਕੀਨੀ ਤੌਰ ਤੇ ਇਸ ਭੇਦ ਨੂੰ ਨਾ ਲਖ ਸਕੇ। ਰਾਂਝਾ ਆਪਣੀ ਭਾਬੀ ਦੇ ਤਾਨ੍ਹਿਆਂ ਤੋਂ ਤੰਗ ਆ ਕੇ ਕਹਿੰਦਾ ਹੈ-

ਕਦੀ ਕਿਸੇ ਦੇ ਨਾਲ ਨਾ ਗਲ ਕਰੇਂ,
ਕਿਬਰ ਵਾਲੀਏ ਨਾਰੀਏ ਵਾਸਤਾ ਈ।

ਵਾਰਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ,
ਅਨੀ ਮੁਣਸ ਦੀਏ ਪਿਆਰੀਏ ਵਾਸਤਾ ਈ।

ਸੈਹਤੀ ਜੋਗੀ ਨੂੰ ਵੇਖ ਕੇ ਆਉਂਦੀ ਹੈ ਅਰ ਹੀਰ ਨੂੰ ਕਹਿੰਦੀ ਹੈ
ਕਿਸੇ ਵਡੇ ਮੁਰਾਦ ਦੀ ਸਿੱਕ ਉਹਨੂੰ,
ਕਿਸੇ ਭਾਗ ਭਰੀ ਚੇਟਕ ਲਾਇਆ ਨੀ।
ਸੈਹਤੀ ਜੋਗੀ ਨੂੰ ਬੁਰਾ ਭਲਾ ਕਹਿੰਦੀ ਹੈ ਅਰ ਉਹ ਤੰਗ ਆ ਕੇ ਕਹਿੰਦਾ ਹੈ।
"ਤੇਨੂੰ ਸ਼ੌਕ ਹੈ ਤਿਨਾਂ ਦਾ ਭਾਗ ਭਰੀਏ,
ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ।"
ਏਸ ਬੈਂਤ ਵਿਚ ਉਨ੍ਹਾਂ ਨੇ ਸੈਹਤੀ ਦੇ ਜਹਬੂਬ (ਆਸ਼ਕ) ਮੁਰਾਦ ਵੱਲ ਗੁੱਝਾ
ਇਸ਼ਾਰਾ ਕੀਤਾ ਹੈ।

ਵਾਰਸ ਆਪਣੇ ਪ੍ਰੇਮ ਪਿਆਰ ਦਾ ਖੁਲ੍ਹਾ ਇਸ਼ਾਰਾ ਕਰਦਿਆਂ ਹੋਇਆਂ ਲਿਖਦਾ ਹੈ:-

ਤਦੋਂ ਸ਼ੱਕ ਹੋਇਆ ਕਿੱਸਾ ਜੋੜਨੇ ਦਾ,
ਜਦੋਂ ਇਸ਼ਕ ਦੀ ਗੱਲ ਇਜ਼ਹਾਰ ਹੋਈ।

ਹੁਕਮ ਮੰਨ ਕੇ ਸਜਣਾਂ ਪਿਆਰਿਆਂ ਦਾ,
ਕਿੱਸਾ ਅਜਬ ਬਹਾਰ ਦਾ ਜੋੜਿਆ ਈ।

ਵਾਰਸ ਸ਼ਾਹ ਫ਼ਰਮਾਇਆ ਪਿਆਰਿਆਂ ਦਾ,
ਅਸਾਂ ਮੰਨਿਆ ਮੂਲ ਨਾ ਮੋੜਿਆ ਈ।

ਇਸ "ਇਸ਼ਕ ਦੀ ਗਲ ਇਜ਼ਹਾਰ ਹੋਈ" ਤੋਂ ਵਾਰਸ ਸ਼ਾਹ ਨੇ ਆਪਣੇ ਇਸ਼ਕ ਮੁਹੱਬਤ ਦੇ ਬਿਆਨ ਉਤੇ ਮੁਹਰ ਲਾ ਦਿਤੀ ਹੈ।