ਪੰਨਾ:ਪੰਜਾਬ ਦੇ ਹੀਰੇ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਜਾਂ ਗੁਜਰਾਂਵਾਲੇ ਦੇ ਇਕ ਹੋਰ ਸਯਦ ਵਾਰਸ ਸ਼ਾਹ ਦੇ ਦੋਹੜਿਆਂ ਜਾਂ ਬੈਂਤਾਂ ਵਿਚੋਂ ਐਸਾ ਨਮੂਨਾ ਭਾਵੇਂ ਹੋਵੇ ।

ਤਸਨੀਫ਼ਾਂ ਵਿਚ ਵਾਧਾ- ਲਾਹੌਰ ਦੇ ਇਕ ਕਤਾਬਾਂ ਵੇਚਣ ਵਾਲੇ ਨੇ ਇਹ ਸੋਚਿਆ ਕਿ ਵਾਰਸ ਸ਼ਾਹ ਦਾ ਨਾਮ ਹਰ ਮਨ ਪਿਆਰਾ ਹੈ, ਇਸ ਵਾਸਤੇ ਉਸ ਦੇ ਨਾਮ ਤੇ ਜੋ ਪੁਸਤਕ ਛਾਪੀ ਜਾਏਗੀ, ਲੋਕਾਂ ਵਿਚ ਮਨਜ਼ੂਰ ਹੋ ਜਾਏਗੀ ਤੇ ਬਹੁਤੀ ਵਿਕੇਗੀ । ਉਸ ਪੁਸਤਕਾਂ ਵਾਲੇ ਨੇ ਮਿਰਜ਼ਾ ਅਬਦੁਲ ਹਮੀਦ ਬੇਗ ਕੋਲੋਂ ਸੋਹਣੀ ਮਹੀਂਵਾਲ ਦਾ ਕਿੱਸਾ ਲਿਖਵਾਇਆ ਤੇ ਵਾਰਸ ਸ਼ਾਹ ਦੇ ਨਾਂ ਤੇ ਪ੍ਰਕਾਸ਼ਤ ਕੀਤਾ। ਏਹ ਕਿੱਸਾ ਜ਼ਰੂਰ ਪ੍ਰਚਲਤ ਹੋ ਜਾਂਦਾ ਪਰ ਏਸ ਦੀ ਜ਼ਬਾਨ ਤੇ ਰੰਗ ਢੰਗ ਫ਼ਜ਼ਲ ਸ਼ਾਹ ਦੇ ਕਿੱਸਿਆਂ ਵਾਂਗਰ ਸੀ ਇਸ ਵਾਸਤੇ ਵਾਰਸ ਸ਼ਾਹ ਦੇ ਨਾਂ ਤੇ ਨਾ ਚਲ ਸਕਿਆ ।

ਇਕ ਹੋਰ ਕਵੀ ਝੰਡੇ ਸ਼ਾਹ ਵਸਨੀਕ ਚਕ ਮੁਕੰਦ ਜ਼ਿਲਾ ਅੰਮ੍ਰਿਤਸਰ ਨੇ ਸੋਹਣੀ ਮਹੀਂਵਾਲ ਦਾ ਕਿੱਸਾ ਲਿਖਿਆ। ਕਿਤੇ ਕਿਤੇ ਵੀ ਵਾਰਸ ਦਾ ਨਾਂ ਭਰ ਦਿਤਾ । ਜ਼ਬਾਨ ਸਾਦੀ ਤੇ ਸਰਲ ਸੀ । ਇਹ ਸੋਹਣੀ ਵਾਰਸ ਦੇ ਨਾਂ ਤੇ ਵਿਕਣ ਲਗ ਪਈ । ਪਰ ਦੂਜੇ ਜਾਂ ਤੀਜੇ ਐਡੀਸ਼ਨ ਵਿਚ ਨਾਂ ਝੰਡੇ ਸ਼ਾਹ ਕਰ ਦਿਤਾ ਗਿਆ। ਹੁਣ ਇਹ ਸੋਹਣੀ ਝੰਡੇ ਸ਼ਾਹ ਦੇ ਨਾਂ ਉਤੇ ਵਿਕਦੀ ਹੈ।

ਵਾਰਸ ਦਾ ਦੇਹਾਂਤ-ਜਿਸ ਤਰ੍ਹਾਂ ਵਾਰਸ ਸ਼ਾਹ ਦੇ ਜਨਮ ਦੀ ਤ੍ਰੀਕ ਸੰਨ ਆਦਿ ਦਾ ਪਤਾ ਨਹੀਂ ਹੋ ਸਕਿਆ ਇਸੇ ਤਰ੍ਹਾਂ ਮੌਤ ਦਾ ਸਮਾਂ ਭੀ ਮਲੂਮ ਨਹੀਂ ਹੋ ਸਕਿਆ, ਪਰ ਅੰਦਾਜ਼ਨ ਉਨ੍ਹਾਂ ਦੀ ਮੌਤ ਤੇਰ੍ਹਵੀਂ ਸਦੀ ਹਿ: ਦੇ ਅਰੰਭ ਵਿਚ ਹੋਈ ।

ਆਪ ਦੀ ਕਬਰ ਕਸਬਾ ਜੰਡਿਆਲਾ ਸ਼ੇਰ ਖਾਂ (ਸ਼ੇਖੂਪੁਰਾ) ਵਿਚ ਟੁੱਟੀ ਖੁਸੀ ਜਿਹੀ ਹਾਲਤ ਵਿਚ ਹੁਣ ਤਾਈਂ ਮੌਜੂਦ ਹੈ। ਆਪ ਦੀ ਕਬਰ ਤੇ ਹਰ ਸਾਲ ਹਾੜ ਦੇ ਮਹੀਨੇ ਵਿਚ ਉਰਸ ਹੁੰਦਾ ਹੈ ਅਰ ਉਸ ਮੌਕਿਆ ਤੇ ਦੁਰ ਦੁਰ ਤੋਂ ਵਾਰਸ ਸ਼ਾਹ ਦੇ ਪਿਆਰੇ ਪਹੁੰਚਦੇ ਹਨ। ਏਸ ਕਬਰ ਦੇ *ਮਜਾਉਰ ਸੱਯਦ ਰੁਲਾਬ ਸ਼ਾਹ ਜੀ ਹਨ ਜੋ ਵਾਰਸ ਸ਼ਾਹ ਦੀ ਲੜਕੀ ਦੀ ਔਲਾਦ ਵਿਚੋਂ ਹਨ।

ਕਬਰ ਦੇ ਪੁਰਾਣੇ ਹੋਣ ਅਤੇ ਟੁੱਟੀ ਖ਼ੁਸ਼ੀ ਹੋਣ ਸੰਬੰਧੀ ਇਕ ਵਾਰੀ ਪੰਡਤ ਮੇਲਾ ਰਾਮ ਵਫ਼ਾ ਐਡੀਟਰ 'ਪ੍ਰਤਾਪ' ਅਖ਼ਬਾਰ ਲਾਹੌਰ ਨੇ ਲੋਕਾਂ ਦਾ ਧਿਆਨ ਦੁਆਂਦੇ ਹੋਏ ਇਕ ਨੋਟ ਦੇ ਨਾਲ ਇਕ ਕਵਿਤਾ "ਵਾਰਸ ਸ਼ਾਹ ਦੀ ਕਬਰ” ਸਿਰ ਲੇਖ ਦੀ ਲਿਖ ਕੇ ਪ੍ਰਕਾਸ਼ਤ ਕੀਤੀ ਸੀ, ਜਿਸ ਦੇ ਦੋ ਬੰਦ ਹੇਠਾਂ ਲਿਖਦੇ ਹਾਂ-

ਮਿੱਟੀ ਕਾ ਏਕ ਢੇਰ ਹੈ ਬਸਤੀ ਸੋ ਦੂਰ ਤਰ,
ਮਨਜ਼ਰ ਤੇਰੀ ਲਹਦ ਕਾ ਅਜਬ ਯਾਸ ਖੇਜ਼ ਹੈ ।
ਖ਼ਾਬੀਦਾ ਹੈ ਤੂ ਸ਼ੋਰਸ਼ੇ ਹਸਤੀ ਸੇ ਦੂਰ ਤਰ,
ਅਰ ਖ਼ਾਮੁਸ਼ੀ ਸ੍ਰਹਾਨੇ ਤੇਰੇ ਨਾਲ ਰੇਜ਼ ਹੈ ।


  • ਦੀਬਾਚਹ ਹੀਰ ਵਾਰਸ ਮੁਅਲਫ਼ਾ ਅਬਦੁਲ ਰਹਿਮਾਨ ਪੰਨਾ ੮ ॥