(੯੨)
ਦੇ ਕੌਲ ਕਰਾਰ ਹੋਏ। ਰਾਂਝੇ ਨੇ ਘਰ ਦੀ ਅਮੀਰੀ ਤੇ ਜੋਬਨ ਦੀ ਬਹਾਰ ਉਤੇ ਲਤ ਮਾਰ ਕੇ ਹੀਰ ਦੇ ਟਬਰ ਦੀ ਸੇਵਾ ਚੁਕ ਲਈ। ਉਨ੍ਹਾਂ ਦੇ ਡੰਗਰ ਚਾਰੇ ਪਰ ਹੀਰ ਦੀ ਖੁਸ਼ੀ ਦੀ ਖਾਤਰ। ਹੀਰ ਦਾ ਵਿਆਹ ਰਚਿਆ ਗਿਆ ਪਰ ਉਸ ਦੀ ਰਜ਼ਾਮੰਦੀ ਨਾਲ ਨਹੀਂ। ਉਸ ਦੇ ਸਹੁਰੇ ਚਲੇ ਜਾਂਣ ਪਰ ਰਾਂਝਾ ਜੋਗੀ ਦਾ ਭੇਸ ਧਾਰ ਕੇ ਉਥੇ ਅਪੜਿਆ ਤੇ ਕਈ ਤਰ੍ਹਾਂ ਦੇ ਢੰਗ ਖੇਡ ਕੇ ਹੀਰ ਨੂੰ ਜਾ ਮਿਲਿਆ। ਸਹਿਤੀ ਇਨ੍ਹਾਂ ਦੀ ਰਾਜ਼ਦਾਰ ਬਣ ਗਈ ਤੇ ਉਸੇ ਦੀ ਮਦਦ ਨਾਲ ਹੀਰ ਰਾਂਝਾ ਉਥੋਂ ਨਿਕਲ ਤੁਰੇ। ਰਸਤੇ ਵਿਚ ਫੜੋ ਫੜੀ ਹੋਈ ਪਰ ਅਖੀਰ ਅਦਾਲਤ ਨੇ ਦੋਹਾਂ ਨੂੰ ਕਠਿਆਂ ਤੋਰ ਦਿਤਾ ਵਾਰਸ ਦੇ ਬਿਆਨ ਮੂਜਬ ਇਹ ਝੰਗ ਸਿਆਲ ਆਏ, ਸਿਆਲਾਂ ਨੇ ਰਾਂਝੇ ਨੂੰ ਜੰਞ ਬੰਨ੍ਹ ਕੇ ਆਉਣ ਲਈ ਕਿਹਾ। ਉਹ ਅਜੇ ਰਾਹ ਵਿਚ ਹੀ ਸੀ ਕਿ ਸਿਆਲਾਂ ਨੇ ਹੀਰ ਨੂੰ ਵਿਹੂ ਦੇ ਕੇ ਮਾਰ ਸੁਟਿਆ। ਰਾਂਝਾ ਆਇਆ ਤਾਂ ਢਾਹ ਮਾਰ ਕੇ ਹੀਰ ਦੀ ਕਬਰ ਵਿਚ ਹੀ ਸਮਾ ਗਿਆ। ਇਹ ਪ੍ਰੇਮ ਜੋੜੀ ਦੀ ਕਬਰ ਝੰਗ ਮਘਿਆਣੇ ਦੇ ਕੋਲ ਹੈ ਤੇ ਬੜੀ ਸ਼ਰਧਾ ਨਾਲ ਹੁਣ ਤਕ ਸਤਕਾਰੀ ਜਾ ਰਹੀ ਹੈ।
ਇਸ ਮਕਬਰੇ ਤੇ ਹਰ ਸਾਲ ਦੇ ਮੇਲੇ ਲਗਦੇ ਹਨ। ਇਕ ਮਾਘੀ ਵਾਲੇ ਦਿਨ ਤੇ ਦੁਜਾ ਮਾਰਚ ਦੇ ਮਹੀਨੇ। ਇਕ ਮੇਲੇ ਤੇ ਮਾਲ ਮੰਡੀ ਭੀ ਸਰਕਾਰ ਵਲੋਂ ਲਗਦੀ ਹੈ। ਮਾਘੀ ਦੇ ਮੇਲੇ ਤੋਂ ਇਹ ਭੀ ਸਾਬਤ ਹੁੰਦਾ ਹੈ ਕਿ ਹਿੰਦੂ ਮੁਸਲਮਾਨ ਦੋਵੇਂ ਕੌਮਾਂ ਸਾਂਝਾ ਉਤਸ਼ਾਹ ਮਨਾਉਂਦੀਆਂ ਹਨ। ਅਫ਼ਸੋਸ ਹੈ ਕਿ ਇਸ ਮਕਬਰੇ ਨਾਲ ਭੀ ਕਮਾਲ ਬੇ ਪਰਵਾਹੀਂ ਦਾ ਸਲੂਕ ਹੋ ਰਿਹਾ ਹੈ। ਝੰਗ ਕਾਲਜ ਦੇ ਇਕ ਵਿਦਿਆਰਥੀ ਨੇ ਇਸ ਖਸਤਾ ਹਾਲੀ ਦਾ ਨਕਸ਼ਾ ਹੇਠ ਲਿਖੇ ਉਰਦੂ ਸ਼ੇਅਰਾਂ ਵਿਚ ਖਿਚਿਆ ਹੈ-
ਬਸਤੀ ਹੈ ਇਕ ਵੀਰਾਨ ਸੀ, ਛਾਈ ਹੋਈ ਹੈ ਖਾਮਸ਼ੀ।
ਹਸਰਤ ਹੈ ਉਸ ਜਾ ਬਰਸਤੀ, ਇਬਰਤ ਹੈ ਦਾਮਨ ਥਾਮਤੀ।
ਇਕ ਖਾਕ ਕਾ ਟੀਲਾ ਹੈ ਵਾਂ, ਹੈਰਾਨ ਸਾ, ਵੀਰਾਨ ਸਾ, ਸੁਨਸਾਨ ਸਾ।
ਟੀਲੇ ਪਿ ਹੈ ਇਕ ਮਕਬਰਾ, ਟੂਟਾ ਹੂਆ, ਫੂਟਾ ਹੁਆ!
ਕਬਰੋਂ ਸੇ ਹੈ ਬਿਲਕੁਲ ਘਿਰਾ, ਉਲੂ ਫ਼ਕਤ ਹੈ ਬੋਲਤਾ,
ਯਹ ਖ਼ਾਬਗਾਹੇ ਹੀਰ ਹੈ, ਹਸਰਤ ਨੁੁਮਾ, ਇਬਰਤ ਨੁੁਮਾ,ਹੈਰਤ ਨੁਮਾ।
ਸੰਨ ੧੯੧੦ ਵਿਚ ਮਿਸਟਰ ਆਸਬੋਰਨ ਡਿਪਟੀ ਕਮਿਸ਼ਨਰ ਹਿਸਾਰ ਨੇ ਹੀਰ ਰਾਂਝੇ ਦੇ ਸਹੀ ਹਾਲਾਤ ਬੜੀ ਢੂੰਡ ਭਾਲ ਨਾਲ ਆਨਰੇਬਲ ਕੈਪਟਨ ਮਲਕ ਮੁਬਾਰਕ ਖਾਂ ਟਿਵਾਣਾ ਦੇ ਮੁਲਾਜ਼ਮ ਹਾਜੀ ਇਸਮਾਈਲ ਦੀ ਰਾਹੀਂ ਕੱਠੇ ਕਰਵਾਏ, ਜੋ ਬਹੁਤ ਹਦ ਤਕ ਠੀਕ ਜਾਪਦੇ ਹਨ। (ਅਖਬਾਰ ਆਮ ਜੂਨ ਸੰਨ ੧੯੧੪)
ਹੀਰ ਰਾਂਝੇ ਦੀ ਇਸ ਵਾਰਤਾਂ ਨੂੰ ਉਸੇ ਅਕਬਰੀ ਅਹਿਦ ਵਿਚ ਕਵੀ ਦਮੋਦਰ ਦਾਸ ਗੁਲ੍ਹਾਟੀ ਨੇ ਲਿਖਿਆ ਸੀ ਅਤੇ ਉਸ ਨੇ ਇਹ ਹਾਲਾਤ ਆਪਣੀ ਅੱਖੀਂ ਡਿਠੇ ਬਿਆਨ ਕੀਤੇ ਹਨ। ਇਹ ਜ਼ਿਕਰ ਇਸ ਤੋਂ ਪਹਿਲੇ ਦਾਮੋਦਰ ਕਵੀ ਦੇ ਸਿਰ ਲਖ ਹੇਠ ਸਫਾ ੩੫-੩੮ ਵਿਚ ਆਚੁਕਾ ਹੈ। ਇਹ ਵਾਕਿਆ ਸੰਮਤ ੧੬੨੬ ਬਿਕ੍ਰਮੀ ੧੫੭੩ ਈਸਵੀ ਯਾ ੯੯੧ ਹਿਜਰੀ ਦਾ ਹੈ। ਮਾਲੂਮ ਹੁੰਦਾ ਹੈ ਕਿ ਇਹ ਕਿੱਸਾ ਪੰਜਾਬ ਵਿਚ ਡੇਢ ਦੋ ਸੌ ਸਾਲ ਤਕ ਬੜੀ ਦਿਲਚਸਪੀ ਨਾਲ ਪੜ੍ਹਿਆ ਸੁਣਿਆ ਜਾਂਦਾ ਰਿਹਾ।