ਪੰਨਾ:ਪੰਜਾਬ ਦੇ ਹੀਰੇ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਪੰਜਾਂ ਪੀਰਾਂ ਨੂੰ ਰਾਂਝੇ ਨੇ ਯਾਦ ਕੀਤਾ, ਪਾਟੇ ਕੰਨ ਦਰੁਸਤ ਕਰਾਂਵਦਾ ਏ।
ਪਿੰਡੇ ਉਪਰੋਂ, ਖਾਕ ਉਤਾਰਨੇ ਨੂੰ, ਰਾਂਝਾ ਵਿਚ ਝਨਾਂ ਦੇ ਜਾਂਵਦਾ ਏ।
ਮੁਕਬਲ ਐਬ ਸੁਆਬ ਥੀਂ ਪਾਕ ਹੋ ਕੇ, ਜਾਕੇ ਭਾਈਆਂ ਨੂੰ ਗਲ ਲਾਂਵਦਾ ਏ।

ਅੰਤ ਵਿਚ ਲਿਖਦੇ ਹਨ:-

ਏਥੇ ਰਾਂਝੇ ਨੂੰ ਭਾਈਆਂ ਦਫਨ ਕੀਤਾ ਉਥੇ ਹੀਰ ਸਿਆਲ ਭੀ ਹੋਈ ਪੂਰੀ।
..............................
ਡਿਠਾ ਹਾਜੀਆਂ ਮੱਕੇ ਦੇ ਰਾਹ ਜਾਂਦੇ, ਤਿੰਨੇ ਹੀਰ, ਹਾਂਝਾ ਅਤੇ ਮਝ ਬੂਰੀ।
ਰਾਂਝਾ ਰਾਹ ਜਾ ਪੁਛਦਾ ਹਾਜੀਆਂ ਥੋਂ ਹੀਰ ਵੰਡਦੀ ਲੰਗਰਾਂ ਵਿਚ ਚੂਰੀ।
ਮੁਕਬਲ ਭਾਖ ਸੁਣਾਇਆ ਆਸ਼ਕਾਂ ਨੂੰ, ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ।

ਹਾਫ਼ਜ਼ ਮੁਕਬਲ ਦੀ ਬਾਬਤ ਇਹ ਕਹਾਣੀ ਬਿਆਨ ਕੀਤੀ ਜਾਂਦੀ ਹੈ ਕਿ ਆਪ ਪੜ੍ਹਨ ਪੜ੍ਹਾਉਣ ਦਾ ਕੰਮ ਕਰਦੇ ਸਨ, ਮੰਜੀ ਉਣ ਲੈਂਦੇ ਸਨ। ਜ਼ੇਹਨ ਏਡਾ ਉਚਾ ਸੀ ਕਿ ਇਕ ਵਾਰੀ ਜਿਸ ਨਾਲ ਗੱਲ ਕਰਦੇ, ਜੇ ਉਹ ਦਸ ਵਰ੍ਹੇ ਪਿਛੋਂ ਮਿਲਦਾ ਤਾਂ ਅਵਾਜ਼ੋਂ ਪਛਾਣ ਲੈਂਦੇ। ਆਪ ਭਾਵੇਂ ਨੇਤਰ ਹੀਣ ਸਨ ਪਰ ਦਿਲੀ ਚਾਨਣਾ ਬਹੁਤ ਸੀ।

ਨਜਾਬਤ ਕਵੀ

ਬਾਵਾ ਬੁਧ ਸਿੰਘ ਜੀ ਨੇ ਲਿਖਿਆ ਕਿ ਆਪ ਹਰਲਾਂ ਮਟੀਲਾਂ ਜ਼ਿਲਾ ਸ਼ਾਹ ਪੁਰ ਦੇ ਰਹਿਣ ਵਾਲੇ ਸਨ। ਆਪ ਹਰਲ ਰਾਜਪੂਤ ਸਨ। ਪਰ ਰਾਜਪੂਤ ਗੋਤਾਂ ਵਿਚ ਕੋਈ ਹਰਲ ਗੋਤ ਨਹੀਂ,ਹਾਂ ਖਰਲ ਰਾਜਪੂਤ ਹਨ। ਸ਼ਾਇਦ ਨਜਾਬਤ ਖਰਲ ਰਾਜਪੂਤ ਹੀ ਹੋਵੇ। ਨਜਾਬਤ ਨੇ ਇਹ ਵਾਰ ਨਾਦਰ ਸ਼ਾਹ ਦੇ ਹੱਲੇ ਦੇ ਕੁਝ ਚਿਰ ਪਿਛੋਂ ਲਿਖੀ। ਨਜਾਬਤ ਅਠਾਰਵੀਂ ਸਦੀ ਦੇ ਅੰਤ ਵਿਚ ਹੋਇਆ ਹੈ। ਨਾਦਰ ਸ਼ਾਹ ਨੇ ੧੭੩੯ ਵਿਚ ਦਿੱਲੀ ਉਤੇ ਹੱਲਾ ਕੀਤਾ ਹੈ। ਉਸ ਤੋਂ ੪੦ ਕੁ ਸਾਲਾਂ ਪਿਛੋਂ ਨਜਾਬਤ ਨੇ ਉਸ ਦੇ ਹੱਲੇ ਦਾ ਹਾਲ ਆਪਣੀ ਵਾਰ ਵਿਚ ਲਿਖਿਆ ਹੈ।

ਇਸ ਵਾਰ ਨੂੰ ਪੰਡਤ ਹਰੀ ਕਿਸ਼ਨ ਕੌਲ ਐਮ. ਏ. ਸੀ. ਐਸ. ਆਈ. ਸੀ. ਆਈ. ਈ. ਨੇ ਜਮ੍ਹਾਂ ਕੀਤਾ ਤੇ ਪਹਿਲੀ ਵਾਰ ਇਸ ਨੂੰ ਜਨਰਲ ਆਫ ਦੀ ਪੰਜਾਬ ਹਿਸਟਾਰੀਕਲ ਸੋਸਾਇਟੀ ਜਿਲਦ ਨੰ: ੧ ਵਿਚ ਛਪਾਇਆ।

ਵਾਰ ਦੀ ਵੱਨਗੀ ਇਹ ਹੈ:-

ਤੇ ਚੜ੍ਹੇ ਚੁਗੱਤਾ ਬਾਦਸ਼ਾਹ, ਜਿਉਂ ਧਾਣਾਂ।
ਤੇ ਘੋੜਾ ਸਾਢੇ ਸਤ ਲਖ, ਸਣੇ ਮੁਗਲ ਪਠਾਣਾਂ।
ਜਿੰਨੀ ਜ਼ਿਮੀ ਪਹਾੜ ਦੀ, ਨਾ ਰਿਹਾ ਅਡਾਣਾ।
ਕੋਟਾਂ ਨੂੰ ਆਵਣ ਬਰਬ੍ਰਾਹਟ,ਕਰ ਮਨ ਦਾ ਭਾਣਾ।
ਪਕੜ ਕੁਠੇ ਲਖ ਆਦਮੀ, ਲਹਿ ਪਿਆ ਘਾਣਾ।
ਕਰ ਸਿਰੀਆਂ ਦੇ ਦਮਦਮੇ, ਚੜ੍ਹ ਖਾਏ ਖਾਨਾ।
ਈਨਾਂ ਚਾਰ ਮਨਾਇਕੇ ਘਰ ਆਇਆ ਜਰਵਾਣਾ।