ਪੰਨਾ:ਪੰਜਾਬ ਦੇ ਹੀਰੇ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੭ )

ਆਖਣ ਅਨੁਸਾਰ ਹੀ ਆਪ ਨੇ ਸਸੀ ਪੁੰਨੂੰ ਦਾ ਕਿੱਸਾ ਲਿਖਿਆ ਅਤੇ ਸਭ ਤੋਂ ਪਹਿਲਾਂ ਰਾਮ ਬਾਗ ਵਿੱਚ ਦੁਸਹਿਰੇ ਦੇ ਦਰਬਾਰ ਵਿੱਚ ਸੁਣਾਇਆ। ਮਹਾਰਾਜਾ ਸਾਹਿਬ ਨੇ ਇਸ ਨੂੰ ਬਹੁਤ ਪਸੰਦ ਕੀਤਾ ਅਤੇ ਬਹੁਤ ਸਾਰੇ ਇਨਾਮ ਤੋਂ ਛੁਟ ਕੁਝ ਸਾਲਾਨਾ ਰਕਮ ਭੀ ਉਨ੍ਹਾਂ ਦੇ ਨਾਂ ਲਾ ਦਿਤੀ। ਇਹੀ ਕਾਰਨ ਸੀ ਕਿ ਹਾਸ਼ਮ ਨੇ ਸੋਹਣੀ, ਹੀਰ, ਲੇਲੀ ਆਦਿ ਕਿੱਸੇ ਲਿਖੇ; ਪਰ ਸਸੀ ਨੂੰ ਕੋਈ ਨਹੀਂ ਪੁਜਦਾ।
ਆਪ ਨੇ ਮਹਾਰਾਜਾ ਸਾਹਿਬ ਨੂੰ ਇਹ ਡਿਉਢ ਗਾ ਕੇ ਸੁਣਾਈ, ਜਿਸ ਨੂੰ ਸੁਣ ਕੇ ਮਹਾਰਾਜਾ ਸਾਹਿਬ ਮਸਤੀ ਨਾਲ ਝੂਲਣ ਲਗ ਗਏ ਅਤੇ ਹਮੇਸ਼ਾਂ, ਆਪ ਪਾਸੋਂ ਇਹੀ ਡਿਉਢ ਸੁਣਿਆ ਕਰਦੇ ਸਨ:-
ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿਤ ਰਹੇ ਜਿਗਰ ਵਿੱਚ ਵਸਦਾ ਲੂੰ ਲੂੰ ਧਸਦਾ।
ਰਾਂਝਣ ਬੇਪਰਵਾਹੀ ਕਰਦਾ, ਅਤੇ ਕੋਈ ਗੁਨਾਹ ਨ ਦਸਦਾ, ਉਠ ਉਠ ਨਸਦਾ।
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਅਤੇ ਵੇਖ ਤਤੀ ਵਲ ਹਸਦਾ, ਜ਼ਰਾ ਨ ਖਸਦਾ।
ਹਾਸ਼ਮ ਕੰਮ ਨਹੀਂ ਹੋਰ ਕਸ ਦਾ, ਆਸ਼ਕ ਹੋਣ ਦਰਸ ਦਾ, ਬ੍ਰਿਹੂੰ ਰਸਦਾ।
ਦਰਬਾਰ ਵਲੋਂ ਆਪ ਦੀ ਹੋ ਰਹੀ ਸ਼ੋਭਾ ਵੇਖ ਕੇ ਲੋਕੀ ਖਿਝਦੇ ਸਨ ਪਰ:-
ਸੋਈ ਰਾਣੀ ਜੇਹੜੀ ਖਸਮੈ ਭਾਣੀ ਵਾਲਾ ਅਖਾਣ ਸਚਾ ਹੈ।
ਆਪ ਏਨੇ ਖੁਲ੍ਹੇ ਖਿਆਲ ਅਤੇ ਉਚੇ ਹੌਸਲੇ ਵਾਲੇ ਸਨ ਕਿ ਕਦੀ ਕਿਸੇ ਨੂੰ ਵਿਰੋਧੀ ਦੇ ਕੀਨੇ ਉਤੇ ਖਿਆਲ ਤਕ ਨਹੀਂ ਸਨ ਕਰਦੇ।
ਇਕ ਵਾਰੀ ਮਹਾਰਾਜਾ ਸਾਹਿਬ ਲਾਹੌਰ ਤੋਂ ਅੰਮ੍ਰਿਤਸਰ ਤਸ਼ਰੀਫ ਲਿਆਏ ਤਾਂ ਆਪ ਦੀ ਤਬੀਅਤ ਖਰਾਬ ਹੋ ਗਈ। ਕਈ ਇਲਾਜ ਕੀਤੇ ਗਏ ਪਰ ਕੋਈ ਫਾਇਦਾ ਨਾ ਹੋਇਆ। ਕਿਸੇ ਨੇ ਆਖਿਆ ਜੋ ਇਸ ਵੇਲੇ ਮਹਾਰਾਜ ਨੂੰ ਹਾਸ਼ਮ ਦੋਹੜੇ ਸੁਣਾਏ ਤਾਂ ਆਰਾਮ ਆ ਸਕਦਾ ਹੈ। ਬਸ ਉਸੇ ਵੇਲੇ ਇਕ ਉਚੇਚਾ ਸਵਾਰ ਘਲ ਕੇ ਹਾਸ਼ਮ ਨੂੰ ਜਗਦੇਆਂ ਤੋਂ ਬੁਲਾਇਆ ਗਿਆ। ਆਪ ਨੇ ਲੇਲੀ ਮਜਨੂੰ ਵਿਚੋਂ ਇਹ ਡਿਉਢ ਪੜ੍ਹੀ-
ਮਜਨੂੰ ਦਰਦ ਦੀਵਾਨਾ ਲੇਲੀ, ਮੈਂ ਗਿਰਦ ਦੁਖਾਂ ਦਾ ਘੇਰਾ ਤੇ ਕੈਦ ਚੁਫੇਰਾ।
ਲਿਖਿਆ ਲੇਖ ਇਹੋ ਕੁਝ ਮੇਰਾ, ਇਹ ਵਸ ਨਾ ਮੇਰਾ ਅਤੇ ਨ ਤੇਰਾ।
ਚੂੰਡਾਂ ਚਾਲ ਮਿਲਨ ਦੀ ਕੋਈ, ਅਤੇ ਲਾਵਾਂ ਜ਼ੋਰ ਬਥੇਰਾ ਮਿਲਨ ਉਖੇਰਾ।
ਹਾਸ਼ਮ ਰਾਤ ਪਈ ਸਿਰ ਮਜਨੂੰ, ਪਰ ਓੜਕ ਹੋਗ ਸਵੇਰਾ ਚਾਕ ਅੰਧੇਰਾ।
ਇਹ ਡਿਉਢ ਜਦ ਹਾਸ਼ਮ ਨੇ ਖਾਸ ਲੈ ਵਿਚ ਪੜ੍ਹੀ ਤਾਂ ਤਬੀਅਤ ਫਿਰ ਆਈ ਅਤੇ ਜੋਸ਼ ਵਿਚ ਆ ਕੇ ਬੋਲੇ, 'ਹਾਸ਼ਮ ਇਹ ਨਹੀਂ, ਇੱਕ ਵਾਰੀ ਉਹੋ ਹੀ ਡਿਉਢ ਮੁੜ ਕੇ ਸੁਣਾਓ ਜੋ ਪਿਛਲੇ ਸਾਲ ਸੁਣਾਈ ਸੀ।'-
ਕਾਮਲ ਸ਼ੌਕ ਮਾਹੀ ਦਾ ਮੈਨੂੰ......
ਹਾਸ਼ਮ ਨੇ ਉਹੋ ਹੀ ਡਿਉਢ ਪੜ੍ਹੀ। ਕਹਿੰਦੇ ਹਨ ਮਹਾਰਾਜ ਦੀ ਤਬੀਅਤ ਸੰਭਲ ਗਈ ਅਤੇ ਸਰੀਰ ਹੌਲਾ ਹੋ ਗਿਆ। ਫਿਰ ਹਾਸ਼ਮ ਨੇ ਸਸੀ ਵਿਚੋਂ ਕੁਝ ਹੋਰ