ਪੰਨਾ:ਪੰਜਾਬ ਦੇ ਹੀਰੇ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਆਤਸ਼ ਦਾ ਦਰਯਾ ਖਲੋਤਾ ਥਲ ਮਾਰੂ ਵਿਚ ਵਗੇ।
ਹਾਸ਼ਮ ਫੇਰ ਪਿਛਾਂ ਨ ਮੁੜਦੀ ਲੰ ਲੂੰ ਹੇਤ ਪੁਕਾਰ।
ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ।
ਬਾਲੂ ਰੇਤ ਤਪੇ ਵਿਚ ਥਲ ਦੇ ਜਿਉਂ ਜੋ ਭੰਨਣ ਭਠਿਆਰੇ।
ਸੂਰਜ ਭਜ ਵੜਿਆ ਵਿਚ ਬਦਲੀਂ ਡਰਲਿਸ਼ਕ ਨ ਮਾਰੇ।
ਹਾਸ਼ਮ ਵੇਖ ਯਕੀਨ ਸਬੀ ਦਾ ਸਿਦਕੋ ਮੂਲ ਨ ਹਾਰੇ।

ਜਦ ਗਰਮੀ ਨਾਲ ਘਾਬਰੀ ਸਸੀ ਥਲਾਂ ਵਿਚ ਡਿਗਦੀ ਹੈ ਤਾਂ ਉਠਾਂ ਵਾਲਿਆਂ ਨੂੰ ਸਰਾਪ ਦੇਦੀ ਹੈ:-

ਸ਼ਾਲਾ ਰਹਿਣ ਕਿਆਮਤ ਤਾਈਂ ਨਾਲ ਸੂਲਾਂ ਦੇ ਲਟਕੇ।
ਹਾਸ਼ਮ ਮਰਨ ਕੁਮੌਤ ਬਦੇਸ਼ੀ ਲੂਣ ਵਾਂਗ ਖੁਰ ਖੁਰ ਕੇ।
ਓੜਕ ਵਕਤ ਕਹਿਰ ਦੀਆਂ ਕੂਕਾਂ ਸੁਣ ਪਖਰ ਢਲ ਜਾਵੇ।
ਜਿਸ ਡਾਚੀ ਮੇਰਾ ਪੁਨੂੰ ਖੜਿਆ ਸ਼ਾਲਾ ਦੋਜ਼ਕ ਦੇ ਵਲ ਜਾਵੇ।

ਪਰ ਫੇਰ ਸੋਚਦੀ ਹੈ:-

ਫਿਰ ਮੁੜ ਸਮਝ ਕਰੋ ਲੱਖ ਤੋਂਬਾ, ਮੈਥੋਂ ਬਹੁਤ ਬੇਅਦਬੀ ਹੋਈ।
ਜਿਸ ਪਰ ਯਾਰ ਕਰੇ ਅਸਵਾਰੀ, ਤਿਸ ਦੇ ਜੇਡ ਨ ਕੋਈ।
ਇਕ ਮੈਂ ਵਾਂਗ ਨਿਕਰਮਣ ਤਾਈ, ਕਿਤ ਵਲ ਮਿਲੇ ਨ ਢੋਈ।
ਹਾਸ਼ਮ ਕੌਂਤ ਮਿਲੇ ਹੁਣ ਜਿਸ ਨੂੰ, ਜਾਣੇ ਸੁਹਾਗਣ ਸੋਈ।

ਕਵੀ ਨੂੰ ਹਰ ਪਾਸੇ ਯਾਰ ਹੀ ਦਿਸਦਾ ਹੈ:-

ਦਿਲ ਤੂੰਹੀ, ਦਿਲਬਰ ਭੀ ਤੂੰਹੀ ਅਤੇ ਵੈਦ ਤੁਹੋਂ ਦੁਖ ਤੇਰਾ।
ਨੀਂਦਰ ਭੁਖ ਆਰਾਮ ਤੂੰਹੀ, ਤੂੰ ਅਤੇ ਤੈੈਂ ਬਿਨ ਜਗਤ ਅੰਧੇਰਾ।
ਨੈਣ ਪ੍ਰਾਣ ਹਯਾਤੀ ਤੂੰ ਏਂ, ਇਕ ਹਰਫ਼ ਨਹੀਂ ਵਿਚ ਮੇਰਾ।
ਹਾਸ਼ਮ ਸਾਂਝ ਤੁਸਾਡੇ ਚੰਮ ਦੀ, ਹੋਰ ਵਸਦਾ ਮੁਲਕ ਬਥੇਰਾ।

ਵਾ ਤੇ ਬਦਲ ਹਥ ਸੁਨੇਹਾ ਘਲਦੇ ਹਨ:-

ਵਗ ਵਾਏ ਪਰ ਸੁਆਰਥ ਭਰੀਏ, ਨੀਂ ਤੂੰ ਜਾਈਂ ਤਖਤ ਹਜ਼ਾਰੇ।
ਆਖੀਂ ਯਾਰ ਰਾਂਝਣ ਨੂੰ ਮਿਲ ਕੇ, ਅਸੀਂ ਕਿਉਂ ਮਨੋਂ ਵਿਸਾਰੇ।
ਮੇਘਲਿਆ ਵਸੇ ਭਾਗਾਂ ਭਰਿਆ, ਤੁਧ ਔਝੜ ਦੇਸ ਵਸਾਏ।
ਭਲਕੇ ਫੇਰ ਕਰੀਂ ਝੜ ਐਵੇਂ, ਮੇਰਾ ਪੀ ਪਰਦੇਸ ਨ ਜਾਏ।

ਵਾਰਸ ਸ਼ਾਹ ਅਤੇ ਹਾਸ਼ਮ ਸ਼ਾਹ ਭਾਵੇਂ ਇਕ ਵਕਤ ਵਿੱਚ ਨਹੀਂ ਤਾਂ ਭੀ ਵਾਰਸ ਸ਼ਾਹ ਇਕ ਸਮੇਂ ਦੇ ਆਦਿ ਵਿੱਚ ਅਤੇ ਹਾਸ਼ਮ ਸ਼ਾਹ ਇਸੇ ਸਮੇਂ ਦੇ ਅੰਤ ਵਿੱਚ ਹੋਏ ਹਨ। ਦੋਹਾਂ ਦੀ ਉਚ ਉਡਾਰੀ, ਮਜ਼ਮੂਨ ਬੰਦੀ, ਠੇਠ ਅਤੇ ਸਰਲ ਬੋਲੀ, ਰਵਾਨਗੀ, ਨਵੇਂ ਅੱਖਰਾਂ ਦੀ ਚੋਣ ਆਦਿ ਬਰਾਬਰ ਹੀ ਹਨ ਤਾਂ ਵੀ ਹਾਸ਼ਮ ਦਾ ਕਲਾਮ ਵਾਰਸ ਨਾਲੋਂ ਠੇਠ ਤੇ ਸਰਲ ਹੈ ਅਤੇ ਕਵਿਤਾ ਤੇ ਉਡਾਰੀਆਂ ਦੀ ਉਚਤਾਈ ਵਾਰਸ ਨਾਲੋਂ ਸੁੰਦਰ ਹੈ।