ਪੰਨਾ:ਪੰਜਾਬ ਦੇ ਹੀਰੇ.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੫ )

ਅਹਿਮਦ ਯਾਰੀ ਆਦਿ ਆਪ ਦੀ ਲਿਖਤ ਪੁਸਤਕਾਂ ਹਨ। ਪੁਸਤਕਾਂ ਲਿਖਣ ਦੇ ਨਾਲ ਨਾਲ ਹੀ ਆਪ ਨੇ ਵਿਦਿਆ ਪ੍ਰਾਪਤੀ ਦਾ ਸਿਲਸਿਲਾ ਜਾਰੀ ਰਖਿਆ। ਕਿੱਸਾ ਹਾਤਮ ਨਾਮਾ ਵਿਚ ਆਪਣੀ ਬਾਬਤ ਲਿਖਦੇ ਹਨ:-

ਚੌਦਾਂ ਇਲਮ ਦਿਤੇ ਰੋਬ ਮੈਨੂੰ, ਚੌਦਾਂ ਖਤ ਮੈਂ ਲਿਖੋ।
ਉਸਤਾਦਾਂ ਥੀਂ ਮਿਨਤ ਕਰਕੇ, ਹਰਫ਼ ਸਚਾਵੇਂ ਸਖੇ।

ਕਿੱਸਾ ਹੀਰ ਰਾਂਝਾ ਬਾਬਤ ਰਵਾਇਤ ਹੈ ਕਿ ਇਸ ਪੁਸਤਕ ਦੇ ਲਿਖਣ ਤੋਂ ਪਹਿਲਾਂ ਉਨ੍ਹਾਂ ਨੇ ਝੰਗ ਆਦਿ ਦੀ ਸੈਰ ਕੀਤੀ ਅਤੇ ਟਿੱਲੇ ਤੇ ਜਾ ਕੇ ਸਾਰੇ ਹਾਲ ਅਤੇ ਜੋਗ ਪ੍ਰਾਪਤ ਕਰਨ ਦੇ ਤਰੀਕਿਆਂ ਤੋਂ ਵਾਕਫ਼ੀਅਤ ਹਾਸਲ ਕੀਤੀ। ਆਪ ਨੇ ਆਪਣੀਆਂ ਪੁਸਤਕਾਂ ਵਿਚ ਇਸ਼ਕੀਆ ਅਤੇ ਬਹੁਤੇ ਫ਼ਾਹਸ਼ ਸ਼ਬਦਾਂ ਨੂੰ ਬਹੁਤ ਘਟ ਵਰਤਿਆ ਹੈ। ਜੇ ਕਿਸੇ ਥਾਂ ਅਜੇਹਾ ਸਮਾਂ ਪੇਸ਼ ਆਇਆ ਭੀ ਹੈ ਤਾਂ ਉਸ ਨੂੰ ਢੰਗ ਨਾਲ ਵਰਨਣ ਕਰ ਦਿੱਤਾ ਹੈ। ਜਿਵੇਂ:-

ਸੂਹਾ ਕੁਰਤਾ ਲਹਿਰਾਂ ਮਾਰੇ ਬਿਜਲੀ ਜਿਵੇਂ ਸ਼ਫ਼ਕ ਵਿਚ।

ਆਪ ਨੇ ਨਿਕੀਆਂ ਵਡੀਆਂ ਲਗ ਪਗ ਚਾਲੀ ਪੰਜਾਹ ਪੁਸਤਕਾਂ ਲਿਖੀਆਂ ਹਨ ਲਿਖਦੇ ਹਨ:-

ਮੈਂ ਕਿੱਸੇ ਲਿਖਦਿਆਂ ਵਰ੍ਹੇ ਪੰਜਾਹ ਸੱਠ ਅਪਣੀ ਉਮਰ ਲੰਘਾਈ।
ਤੇ ਉਸ ਕਿੱਸਿਆਂ ਵਿਚੋਂ ਇਹੋ ਇਕੋ ਹੀਰ ਬਣਾਈ।
ਜਿਤਨੇ ਕਿੱਸੇ ਅਤੇ ਕਤਾਬਾਂ ਉਮਰ ਸਾਰੀ ਮੈਂ ਜੋੜੇ।
ਗਿਣਨ ਲਗਾਂ ਤਾਂ ਯਾਦ ਨ ਆਵਣ ਜੋ ਦੱਸੀ ਸੋ ਥੋੜੇ।

ਆਪ ਦੀ ਸ਼ਾਇਰੀ ਦੀ ਇਹ ਹਾਲਤ ਸੀ ਕਿ ਬੋਲ ਚਾਲ ਅਤੇ ਚਿਠੀ ਪੱਤ੍ਰ ਵੀ ਸ਼ਿਅਰਾਂ ਵਿਚ ਹੀ ਕੀਤਾ ਕਰਦੇ।

੧੮੪੦ ਈ: ਵਿਚ ਜਦ ਆਪ ਆਸਮਾਨੀ ਸ਼ੁਹਰਤ ਉਤੇ ਸੂਰਜ ਵਾਂਗ ਚਮਕ ਰਹੇ ਸਨ ਅਤੇ ਬਾਵਜੂਦ ਇਸ ਦੇ ਕਿ ਆਪ ਦੀ ਉਮਰ ੬੦-੭੦ ਤੋਂ ਲੰਘ ਚੁਕੀ ਸੀ, ਆਪ ਦੀ ਮਸ਼ਹੂਰੀ ਅਤੇ ਕਵਿਤਾ ਤੋਂ ਖੁਸ਼ ਹੋ ਕੇ ਮਹਾਰਾਜਾ ਗੁਲਾਬ ਸਿੰਘ ਨੇ ਆਪ ਨੂੰ ਦਰਬਾਰ ਲਾਹੌਰ ਵਿਚ ਸਦਿਆ ਅਤੇ ਸਿੱਖਾਂ ਦਾ ਸ਼ਾਹਨਾਮਾ (ਤਾਰੀਖ ਖਾਲਸਾ) ਕਵਿਤਾ ਵਿਚ ਲਿਖਣ ਦੀ ਫਰਮਾਇਸ਼ ਪਾਈ। ਆਪ ਨੇ ਫਾਰਸੀ ਬੋਲੀ ਵਿਚ ਫਤੂਹਾਤ ਖਾਲਸਾ ਉਰਫ਼ ਸ਼ਾਹਾਨਚੀ ਨਾਮਾ ਪੁਸਤਕਾਂ ਲਿਖੀਆਂ ਜੋ ਮੌਲਵੀ ਮੁਹੰਮਦ ਲਤੀਫ਼ ਸਾਹਿਬ ਸਾਕਨ ਫ਼ਾਲੀਆਂ ਪਾਸ ਮੌਜੂਦ ਹਨ। ਇਹ ਪੁਸਤਕ ਹਾਲਾਤ ਦੀ ਤਬਦੀਲੀ ਕਾਰਨ ਜਾਂ ਲਿਖਾਰੀ ਦੀ ਮ੍ਰਿਤੂ ਕਾਰਨ ਦਰਬਾਰ ਵਿਚ ਪੇਸ਼ ਨ ਹੋ ਸਕੀਆਂ।

ਆਪ ਹੀਰ ਰਾਂਝਾ, ਯੂਸਫ਼ ਜ਼ੁਲੈਖਾਂ ਵਰਗੀ ਪੁਸਤਕ ਲਿਖਣ ਸਮੇਂ ਪੂਰੇ ਆਸ਼ਕ, ਹਾਤਮ ਨਾਮਾ,ਜੰਗ ਅਹਿਮਦ, ਜੰਗ ਬਦਰ ਆਦਿ ਲਿਖਣ ਸਮੇਂ ਪੂਰੇ ਇਤਿਹਾਸਕਾਰ, ਇਸਲਾਹੀ ਕਿੱਸਾ ਲਿਖਣ ਸਮੇਂ ਪੂਰੇ ਉਪਦੇਸ਼ਕ, ਅਤੇ ਹਕੀਮੀ ਦੀ ਪੁਸਤਕ ਲਿਖਣ ਸਮੇਂ ਪੱਕੇ ਅਤੇ ਤਜਰਬਾਕਾਰ ਹਕੀਮ ਜਾਪਦੇ ਹਨ।