ਪੰਨਾ:ਪੰਜਾਬ ਦੇ ਹੀਰੇ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੭ )

ਚਾਵਲ ਲਏ ਨਜ਼ਾਮੀ ਪਾਵੀਂ, ਦਾਲ ਹਾਤਫ਼ ਨੇ ਪਾਈ।
ਰੋਗਨ ਖੁਸਰੋ, ਨਮਕ ਅਸਾਡਾ, ਖਿਚੜੀ ਅਜਬ ਪਕਾਈ।
ਫਾਰਸੀ ਕਹੇ ਦੀਵਾਨ ਲੋਕਾਂ ਨੇ, ਹੋਏ ਇਸ਼ਕੇ ਸ਼ਰਾਬੀ।
ਇਹ ਦੀਵਾਨ ਅਮਾਮ ਬਖਸ਼ ਦਾ, ਵਿੱਚ ਜ਼ਬਾਨੇ ਪੰਜਾਬੀ।

ਇਸ ਤੋਂ ਪਤਾ ਲਗਦਾ ਹੈ ਕਿ ਆਪ ਨੂੰ ਫਾਰਸੀ ਦੀ ਚੰਗੀ ਸਮਝ ਸੀ। ਮੁਤਾਲਿਆ ਕਾਫ਼ੀ ਸੀ।ਇਸ ਪੁਸਤਕ ਦੇ ਸਮਾਪਤ ਕਰਨ ਬਾਬਤ ਇਉਂ ਲਿਖਦੇ ਹਨ:-

ਬਾਰਾਂ ਸੌ ਛਿਤਾਲੀ ਆਹਾ, ਸੰਨ ਰਸੂਲ ਉਜਾਲੇ।
ਕਿਹਾ ਫਕੀਰ ਅਮਾਮ ਬਖ਼ਸ਼ ਨੇ,ਅੰਦਰ ਪਸੀਆਂ ਵਾਲੇ।
ਕਿੱਸਾ ਜੋੜ ਮੁਰੱਤਬ ਕੀਤਾ, ਯਾਰਾਂ ਅਗੇ ਧਰਿਆ।
ਕਰੋ ਕਬੂਲ ਤਮਾਮੀ ਪਿਆਰੇ, ਜੋ ਕੁਝ ਸਾਥੋਂ ਸਰਿਆ।

ਗਲ ਸਨੋਬਰ:-ਇਹ ਕਿੱਸਾ ਭੀ ਆਪ ਨੇ ਫਾਰਸੀ ਮਸਨਵੀ ਗੁਲ ਸਨੋਬਰ ਦੀ ਉਲਥਾ ਕੀਤਾ ਹੈ।

ਬਦੀ-ਉ-ਜਮਾਲ:-ਇਸ ਵਿੱਚ ਇਸਲਾਮੀ ਮਸਲਿਆਂ ਨੂੰ ਵਰਨਣ ਕੀਤਾ ਹੈ ਅਤੇ ਰਵਾਇਤਾਂ ਦਰਜ ਹਨ। ਹਜ਼ਰਤ ਹਾਜਰਾ ਦੇ ਪਹਿਲੀ ਵਾਰ ਮੱਕੇ ਆਉਣ ਨੂੰ ਇਉਂ ਵਰਨਣ ਕੀਤਾ ਹੈ:-

ਕੱਲਰ ਸ਼ੋਰ ਜ਼ਮੀਨ ਸੀ ਪਾਣੀ ਘਾਹ ਨ ਮੂਲ, ਛਾਂ ਨ ਕੋਈ ਦਰਖਤ ਦੀ ਕੱਖ ਕੰਡੇ ਹਰ ਸੂਲ।
ਬੀਬੀ ਇਸਮਾਈਲ ਨੂੰ ਉਪਰ ਜ਼ਿੰਮੀ ਬਹਾ, ਕਹਿੰਦੀ ਮੈਂ ਤੂੰ ਹੋਏ ਹਾਂ ਅਜ ਸਪੁਰਦ ਖੁਦਾ।
ਆਈ ਸਾਂ ਮੈਂ ਸਾਹੁਰੇ ਅਪਣੇ ਪੇਕੇ ਛਡ, ਸਾਹੁਰਿਆਂ ਭੀ ਛਡਿਆ ਵਿੱਚ ਉਜਾੜੇ ਕੱਢ।
ਰੋਵੇ ਮੇਰੀ ਜਿੰਦੜੀ ਬੇਟੇ ਨੂੰ ਗਲ ਲਾ, ਉਪਰ ਬੂਹੇ ਰਬ ਦੇ ਆਪਣਾ ਹਾਲ ਸੁਣਾ।
ਵਾਲੀ ਵਾਲੀ ਸਾਨੂੰ ਛੱਡ ਕੇ ਤੁਰਿਆ ਵਿਚ ਉਜਾੜ, ਏਥੇ ਵਾਲੀ ਕੌਣ ਹੋ ਬਾਝੋਂ ਰਬ ਗੁਫ਼ਾਰ।
ਹੋਈ ਮੇਰੇ ਨਾਲ ਜੋ ਸਰ ਤੇ ਲਈ ਕਬੂਲ, ਚੰਨ ਜਿਹੇ ਫ਼ਰਜ਼ੰਦ ਤੇ ਰਹਿਮ ਨੇ ਕੀਤਾ ਮੂਲੇ।
ਲਾਇਕ ਹੈਸੀ ਮਾਰਨਾ ਪਾ ਕੇ ਅੰਦਰ ਖੂੂਹ, ਧੱਕਾ ਦਿਤ ਕਾਸ ਨੂੰ ਵਿਚ ਬਿਗਾਨੀ ਜੂਹ।
ਸੁਣ ਪੈਗੰਬਰ ਹਾਲ ਇਹਆਯਾ ਜੋਸ਼ ਉਬਾਲ,ਕਿਹਾ ਬੀਬੀ ਸਬਰ ਕਰ ਵਿਚ ਦਰਗਾਹ ਜਲਾਲ।
ਖਰਚ ਪਾਣੀ ਕੁਝ ਦੇ ਕੇ ਇਬਰਾਹੀਮ ਖਲੀਲ, ਤੁਰਿਆ ਅਪਣੇ ਵਤਨ ਨੂੰ ਨਾਲੇ ਜਬਰਾਈਲ।
ਅੰਦਰ ਰਾਹ ਖਲੋ ਕੇ ਮੰਗ ਇਹ ਦੁਆ, ਯਾ ਰਬ ਸਬਰ ਆਰਾਮ ਭੀ ਹਾਜਰਾ ਕਰੀਂ ਅਤਾ।

ਆਪ ਨੇ ਮੀਆਂ ਵੱਡਾ ਸਾਹਿਬ ਦੀ ਮੁਨਾਜਾਤ ਨੂੰ ਸੀਹਰਫੀ ਦੀ ਸ਼ਕਲ ਵਿੱਚ ਨਜ਼ਮ ਕੀਤਾ ਹੈ ਵੇਖੋ:-

ਐਨ ਇਲਮ ਦੇ ਨਾਲ ਜੋ ਹਿਲਮ ਹੋਵੇ, ਸਭ ਦੂਰ ਤਕੱਬਰੀ ਹੋ ਜਾਵੇ।
ਜਿਸ ਦਾ ਡੋਲਦਾ ਨਿਤ ਈਮਾਨ ਰਹੇ, ਇਹ ਵੇਖ ਯਕੀਨ ਖੜੋ ਜਾਵੇ।
ਨਫ਼ਸ ਰਜਦਾ ਤੇ ਪਿਆ ਗੱਜਦਾ ਏ, ਭੁਖਾ ਰਹੇ ਤੇ ਚੁੱਪ ਕਰ ਸੋ ਜਾਵੇ।
ਅਮਾਮ ਬਖ਼ਸ਼ ਹੱਸੇ ਬੜਾ ਓਸ ਜਗ੍ਹਾ, ਜੇਹੜਾ ਏਸ ਜਹਾਨ ਤੇ ਰੋ ਜਾਵੇ।

ਲਾਮ ਲਹਿਰ ਡਿਠੀ ਗੋਸ਼ੇ ਵਿੱਚ ਬਹਿ ਕੇ, ਸੁਟੇ ਤੋੜ ਜੰਜਾਲ ਜਹਾਨ ਵਾਲੇ।
ਬਾਕੀ ਜ਼ਿੰਦਗੀ ਬੰਦਗੀ ਵਿਚ ਗੁਜ਼ਰੇ, ਫੜੇ ਰਾਹ ਤਮਾਮ ਈਮਾਨ ਵਾਲੇ।
ਅੰਦਰ ਦੀਨ ਦਾ ਨੂਰ ਜ਼ਹੂਰ ਹੋਇਆ, ਪਰਦੇ ਲਾਹ ਕੇ ਬਕ ਗੁਮਾਨ ਵਾਲੇ।
ਅਮਾਅਬਖਸ਼ ਵਿੱਚ ਸ਼ਰ੍ਹਾ ਦੇ ਬਾਗੇ ਵੜਕੇ,ਕੀਤੇ ਸੈਰ ਬਹਿਸ਼ਤ ਮਕਾਨ ਵਾਲੇ।