ਪੰਨਾ:ਪੰਜਾਬ ਦੇ ਹੀਰੇ.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਆਖਿਆ, ਫੇਰ ਤੁਸੀਂ ਮੈਨੂੰ ਕਿਉਂ ਨਾ ਦਸਿਆ ? ਉਨਾਂ ਉਤਰ ਦਿੱਤਾ ਅਸੀਂ ਆਪ ਦੇ ਡਰ ਕਾਰਨ ਚੁਪ ਰਹੇ ਸਾਂ । ਕਹਿੰਦੇ ਹਨ ਕਿ ਮੌਲਵੀ ਸਾਹਿਬ ਦੀ ਇਸ ਸਾਫ ਗੋਈ ਦਾ ਇਹ ਅਸਰ ਹੋਇਆ ਕਿ ਨਵਾਬ ਸਾਹਿਬ ਨੇ ਚਾਰ ਵਹੁਟੀਆਂ ਰਖ ਕੇ ਬਾਕੀਆਂ ਨੂੰ ਗੁਜ਼ਾਰਾ ਦੇ ਕੇ ਵਿਦਾ ਕਰ ਦਿਤਾ। ਆਪ ਵਿਦਵਾਨ ਹੋਣ ਦੇ ਨਾਲ ਹੀ ਆਮਲ ਵੀ ਸਨ।

ਆਪ ਬਾਬਤ ਰਵਾਇਤ ਹੈ ਕਿ ਆਪ ਉਡਿਆ ਕਰਦੇ ਸਨ। ਏਥੋਂ ਤਕ ਕਿ ਮੀਲ ਦੋ ਦੋ ਮੀਲ ਉਡਦੇ ਹੀ ਜਾਂਦੇ। ਇਕ ਸ਼ਾਗਿਰਦ ਨਾਲ ਆਪ ਨੂੰ ਬੇਹਦ ਪ੍ਰੇਮ ਸੀ। ਜਦ ਉਹ ਵਾਪਸ ਜਾਂਦਾ ਤਾਂ ਅਪ ਡੇਢ ਦੋ ਮੀਲ ਤਕ ਨਾਲ ਜਾਂਦੇ ਪਰ ਪਿਛਾਂ ਪਰਤਦੀ ਵਾਰੀ ਉਸ ਨੂੰ ਪਿਛਾਂ ਦੇਖਣ ਤੋਂ ਮਨਾਂ ਕਰ ਜਾਂਦੇ। ਸ਼ਾਗਿਰਦ ਨੂੰ ਇਸ ਨਿਤ ਦੀ ਮੁਮਾਨਤ ਤੋਂ ਸ਼ਕ ਜਿਹਾ ਹੋਇਆ ! ਇਕ ਦਿਨ ਆਪ ਜਦ ਰੋਜ਼ ਵਾਂਗੁ ਵਾਪਸ ਪਰਤੇ ਤਾਂ ਥੋੜੀ ਦੇਰ ਪਿਛੋਂ ਸ਼ਾਗਿਰਦ ਨੇ ਮੁੜ ਕੇ ਵੇਖਿਆ ਤਾਂ ਉਸ ਦੀ ਹੈਰਾਨੀ ਦੀ ਹਦ ਨਾ ਰਹੀ ਜਦ ਉਸ ਨੇ ਵੇਖਿਆ ਕਿ ਮੌਲਵੀ ਸਾਹਿਬ ਉਡਦੇ ਜਾ ਰਹੇ ਹਨ। ਉਹ ਇਸ ਰਾਜ਼ ਨੂੰ ਲੁਕਾ ਨਾ ਸਕਿਆ ਅਤੇ ਇਸ ਗਲ ਦਾ ਜ਼ਿਕਰ ਆਪਣੇ ਮਿਤ੍ਰਾਂ ਅਗੇ ਕਰ ਦਿਤਾ। ਹੌਲੀ ੨ ਇਹ ਗਲ ਨਿਕਲ ਗਈ। ਇਸ ਪਿਛੋਂ ਆਪ ਉਸ ਨੂੰ ਘਰੋਂ ਹੀ ਵਿਦਾ ਕਰ ਦੇਂਦੇ। ਕਈ ਹੋਰ ਲੋਕਾਂ ਨੇ ਭੀ ਆਪ ਨੂੰ ਉਡਦਿਆਂ ਹੋਇਆਂ ਵੇਖਿਆ।

ਮੌਲਵੀ ਸਾਹਿਬ ਬੇਹਦ ਭਰੋਸੇ ਵਾਲੇ ਸਨ। ਇਕ ਵਾਰੀ ਦੀ ਗਲ ਹੈ ਆਪ ਸਫ਼ਰ ਵਿੱਚ ਤਸ਼ਰੀਫ ਲੈ ਗਏ । ਜਦ ਵਾਪਸ ਆਏ ਤਾਂ ਆਪ ਦੀ ਵਹੁਟੀ ਨੇ ਸ਼ਿਕਾਇਤ ਕੀਤੀ ਕਿ ਤੁਸੀਂ ਚੰਗੇ ਗਏ, ਜਾਂਦੇ ਹੋਏ ਸਾਰੇ ਵਾਸਤੇ ਖਾਣ ਪੀਣ ਦਾ ਪਰਬੰਧ ਵੀ ਨਾ ਕਰ ਗਏ । ਜੇ ਘਰ ਵਿੱਚ ਮੱਝ ਵੀ ਨਾ ਹੁੰਦੀ ਤਾਂ ਅਸੀਂ ਭੁਖੇ ਹੀ ਮਰ ਜਾਂਦੇ। ਇਹ ਸੁਣ ਕੇ ਮੌਲਵੀ ਸਹਿਬ ਗੁੱਸੇ ਵਿਚ ਆ ਗਏ ਅਤੇ ਮਝ ਨੂੰ ਮਾਰ ਦਿਤਾ। ਨਾਲ ਹੀ ਆਖਿਆ ਕਿ ਤੁਸਾਂ ਰਿਜ਼ਕ ਦਾਤਾ ਰਬ ਦਾ ਭਰੋਸਾ ਛਡ ਕੇ ਮੱਝ ਨੂੰ ਹੀ ਰਿਜ਼ਕ ਦਾਤਾ ਸਮਝ ਲਿਆ ਹੈ। ਇਸ ਪਿਛੋਂ ਆਪ ਜਦ ਕਦੀ ਸਫ਼ਰ ਤਸ਼ਰੀਫ ਲੈ ਗਏ ਤਾਂ ਵਾਪਸੀ ਉਤੇ ਆਪ ਦੀ ਵਹੁਟੀ ਨੇ ਕਦੀ ਵੀ ਸ਼ਿਕਾਇਤ ਆਦਿ ਨ ਕੀਤੀ।

ਲਗ ਪਗ ੧੮੬੨ ਈ: ਵਿੱਚ ਜਦ ਕਿ ਆਪ ਦੀ ਉਮਰ ੮੦ ਸਾਲ ਦੀ ਸੀ, ਆਪ ਲੌਢੇ ਵੇਲੇ ਦੀ ਨਮਾਜ਼ ਪੜ੍ਹ ਕੇ ਆਏ ਅਤੇ ਆਪ ਦੀ ਰੂਹ ਇਸ ਸਰੀਰ ਨੂੰ ਛਡ ਗਈ।

ਮੌਲਵੀ ਸਾਹਿਬ ਆਪਣੀ ਯਾਦਗਾਰ ਚਾਰ ਲੜਕੇ ਅਤੇ ਚਾਰ ਲੜਕੀਆਂ ਛੱਡ ਗਏ ਵੇਖੋ ਵਨਗੀ:--ਸ਼ਾਹਬਾਜ਼ ਸ਼ਰੀਅਤ ਵਿੱਚ ਪ੍ਰਾਥਨਾ ਨੂੰ ਇਉਂ ਅਰੰਭ ਕਰਦੇ ਹਨ-

ਤੂੰ ਰਖਵਾਲਾ ਫ਼ਜ਼ਲੋਂ ਉਸ ਦਾ, ਜੇ ਸਿਰ ਸਫ਼ਰ ਬੁਲਾਏਂ ।
ਕੁਝ ਬੋੜਾ ਪਲੇ ਰਾਹ ਅਵਲੇ,ਲੁੜਛੋਂ ਪਾਰ ਲੰਘਾਏਂ।

ਬੇ ਪਰਵਾਰ ਨੂੰ ਐਬ ਲੁਕਾਵੀਂ,ਤੈਨੂੰ ਕੁਲ ਭਲਿਆਈਆਂ ।
ਤੂੰ ਏਸ ਨਮਾਣੇ ਤੇ ਕਰ ਰਹਿਮਤ,ਅਰਸ਼ ਤਖ਼ਤ ਦਿਆ ਸਾਂਈਆਂ ।

ਬਖ਼ਸ਼ ਗੁਨਾਹ ਅਸਾਡੇ ਰੱਬਾ,ਦੇਹ ਨਜਾਤ ਅਜਾਈਂ ।
ਦੇਹ ਬਹਿਸ਼ਤ ਫ਼ਰਾਖੀ ਨਿਆਮਤ,ਬਾਹਿਰ ਹਦ ਹਿਸਾਥੋਂ।