ਪੰਨਾ:ਪੰਜਾਬ ਦੇ ਹੀਰੇ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਅਰੂਜ਼ (ਪਿੰਗਲ)

ਸੰਨ ੧੮੭੨-੭੩ ਦੇ ਕਰੀਬ ਜਦ ਪੰਜਾਬੀ ਬੋਲੀ ਨੂੰ ਪੂਰਬੀ ਜ਼ਬਾਨਾਂ ਵਿਚ ਸ਼ਾਮਲ ਕੀਤਾ ਗਿਆ, ਉਸ ਵੇਲੇ ਤਕ ਪੰਜਾਬੀ ਦੀਆਂ ਕੁਝ ਗਾਮਰਾਂ (ਵਿਆਕਰਣ) ਅਰ ਡਿਕਸ਼ਨਰੀਆਂ ਤਿਆਰ ਹੋ ਚੁਕੀਆਂ ਸਨ, ਜੋ ਗੁਰਮੁਖੀ, ਅੰਗਜ਼ੀ ਜਾਂ ਰੋਮਨ ਅੱਖਰਾਂ ਵਿਚ ਸਨ। ਉਸ ਦੌਰ ਦੇ ਪੰਜਾਬੀ ਨੇਤਾ ਲਾਲਾ ਬਿਹਾਰੀ ਲਾਲ ਪੁਰੀ, ਪਡਤ ਭਾਨੂ ਦੱਤ, ਭਾਈ ਗੁਰਮੁਖ ਸਿੰਘ, ਭਾਈ ਮੱਯਾ ਸਿੰਘ, ਭਾਈ ਦਿੱਤ ਸਿੰਘ ਗਿਆਨੀ, ਭਾਈ ਗੁਲਾਬ ਸਿੰਘ, ਯੋਗੀ ਸ਼ਿਵਨਾਥ, ਪਾਦਰੀ ਜਾਨ ਟੀਊਟਨ, ਅਤੇ ਪੰਡਤ ਹਜ਼ਾਰਾ ਸਿੰਘ ਜੀ ਗਿਆਨੀ ਅੰਮ੍ਰਿਤਸਰ ਵਾਲੇ ਸਨ। ਇਨ੍ਹਾਂ ਦੇ ਬਾਦ ਹੋਰ ਬਹੁਤ ਸਾਰੇ ਵਿਦਵਾਨਾਂ ਦਾ ਪ੍ਰਵੇਸ਼ ਹੋ ਗਿਆ, ਜਿਨ੍ਹਾਂ ਵਿਚੋਂ ਲਾਲਾ ਅਮਰ ਨਾਥ ਮੁਨਸਫ਼ ਦਾ ਨਾਮ ਖ਼ਾਸ ਜ਼ਿਕਰ ਦੇ ਲਾਇਕ ਹੈ। ਇਨਾਂ ਸਜਣਾਂ ਨੇ ਪੰਜਾਬੀ ਦਾ ਭੰਡਾਰ ਭਰਨ ਵਾਸਤੇ ਬੜੀ ਮਿਹਨਤ ਕੀਤੀ।

ਪੰਜਾਬੀ ਦੇ ਅਰੂਜ਼ (ਪਿੰਗਲ) ਅਤੇ ਗ੍ਰਾਮਰਾਂ ਦੀ ਤਾਰੀਖ਼ ਖ਼ਾਸ ਜ਼ਿਕਰ ਦੇ ਲਾਇਕ ਹੈ। ਟੈਕਸਟ ਬੁਕ ਕਮੇਟੀ ਅਤੇ ਯੂਨੀਵਰਸਟੀ ਵਿਚ ਜਿਨ੍ਹਾਂ ਵਿਦਵਾਨਾਂ ਦਾ ਤੋਰਾ ਤੁਰਦਾ ਸੀ, ਉਹ ਬਹੁਤ ਕਰਕੇ ਸੰਸਕ੍ਰਿਤ ਵੇਤਾ ਪੰਡਿਤ ਸਨ। ਉਨ੍ਹਾਂ ਨੇ ਜੋ ਚੀਜ਼ ਭੀ ਪੰਜਾਬੀ ਦੇ ਵਾਸਤੇ ਤਿਆਰ ਕੀਤੀ, ਉਸ ਦੀ ਜਾਗ ਹਿੰਦੀ ਸੰਸਕ੍ਰਿਤ ਵਿਚੋਂ ਲਈ। ਲਾਲਾ ਬਿਹਾਰੀ ਲਾਲ ਪੁਰੀ ਨੇ ਜੋ ਸਭ ਤੋਂ ਪਹਿਲਾ ਪੰਜਾਬੀ ਵਿਆਕਰਣ ਛਪਾਇਆ, ਉਸ ਦੀ ਲਿਖਤ (ਪੱਥਰ ਦੇ ਛਾਪੇ ਦੀ) ਭੀ ਹਿੰਦੀ ਦੀ ਕਲਮ ਤੇ ਸਟਾਈਲ ਉਤੇ ਸੀ। ਇਸੇ ਦੇ ਇਕ ਹਿਸੇ ਵਿਚ ਪਿੰਗਲ ਭੀ ਹੈ ਸੀ ਪਰ ਸਾਰਾ ਕੁਝ ਹਿੰਦੀ ਪਿੰਗਲਾਂ ਤੋਂ ਖਿਚ ਕੇ ਆਂਦਾ ਹੋਇਆ ਸੀ । ਇਸ ਤੋਂ ਬਾਦ ਯੋਗੀ ਸ਼ਿਵਨਾਥ ਵਿਸਾਰਦ ਨੇ 'ਪੰਜਾਬੀ ਛੰਦ ਰਤਨਾਵਲੀ” ਲਿਖੀ ਪਰ ਉਸ ਵਿਚ ਭੀ ਲਗ ਪਗ ਇਹੋ ਕੁਝ ਸੀ। ਗੱਲ ਕੀ ਉਨੀਵੀਂ ਸਦੀ ਦੇ ਖਾਤਮੇਂ ਤੋਂ ਪਹਿਲੇ ਪਹਿਲੇ ਪੰਜਾਬੀ, ਤਾਲੀਮੀ ਲਿਹਾਜ਼ ਨਾਲ, ਹਰ ਗੱਲ ਵਿਚ ਮੁਕੰਮਲ ਹੋ ਚੁੱਕੀ ਸੀ। ਫਰਕ ਸਿਰਫ ਇਹ ਸੀ ਕਿ ਕਾਲਬ ਪੰਜਾਬੀ ਦਾ ਸੀ ਤੇ ਜਾਨ ਹਿੰਦੀ ਸੰਸਕ੍ਰਿਤ ਦੀ ਸੀ। ਉਸ ਸਮੇਂ ਦੀ ਪੰਜਾਬੀ ਨੂੰ ਜੋ ਅਜ ਕਲ ਦੀ ਪੰਜਾਬੀ ਨਾਲ ਮੇਲ ਕੇ ਵੇਖੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ। ਜਦੋਂ ਪੰਜਾਬ ਵਿਚ ਸਿੰਘ ਸਭਾ ਲਹਿਰ ਦਾ ਜ਼ੋਰ ਹੋਇਆ ਸੀ ਤਦ ਭੀ ਪੰਜਾਬੀ ਬੋਲੀ ਵਿਚ ਕੋਈ ਬਹੁਤ ਸਾਰੀ ਬਦਲੀ ਨਹੀਂ ਹੋਈ, ਕਿਉਂਕਿ ਉਨਾਂ ਨੂੰ ਰੰਗ ਦੇਣ ਵਾਲ ਭੀ ਪੁਰਾਣਾ ਸਿਖ ਲਿਟਰੇਚਰ ਹੀ ਸੀ।

ਪੰਜਾਬ ਦਾ ਦੂਜਾ ਪਾਸਾ ਇਸ ਤੋਂ ਭੀ ਅਜੀਬ ਸੀ। ਸ਼ਾਇਰੀ ਦਾ ਬਹੁਤ ਸਾਰਾ ਹਿੱਸਾ ਜਿਸ ਦੇ ਲਿਖਣ ਵਾਲੇ ਮੁਸਲਮਾਨ ਕਵੀ ਸਨ,ਇਸਲਾਮੀ ਰਵਾਇਤਾਂ ਤੇ ਅਰਬੀ ਫਾਰਸੀ ਦੇ ਪਦਾਂ ਨਾਲ ਭਰਪੂਰ ਸੀ। ਜਿਹੜੇ ਹਿੰਦੂ ਕਵੀ ਭੀ ਆਏ ਉਨ੍ਹਾਂ ਨੇ ਭੀ ਅਧੇ ਸੁਧ ਫਾਰਸੀ ਹੀ ਵਰਤੀ। ਸਿਖਾਂ ਦਾ ਜ਼ਿਕਰ ਅਗੇ ਆ ਚੁਕਾ ਹੈ ਕਿ ਪੰਜਾਬੀ ਦੀ ਉਸਾਰੀ ਹਿੰਦੀ ਸੰਸਕ੍ਰਿਤ ਦੀਆਂ ਨੀਹਾਂ ਉਤੇ ਹੋਈ ਸੀ। ਖਾਲਸ ਪੰਜਾਬੀ ਦਾ ਦੌਰ

-੧੫-