ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਆਰ ਕੀਤਾ। ਉਹ ਚਲ ਨਿਕਲਿਆ, ਪਰ ਇਕ ਚਾਲਾਕ ਦੁਕਾਨਦਾਰ ਨੇ ਕਿਸੇ ਫਰਜ਼ੀ ਸ਼ਾਇਰ ਪਾਸੋਂ ਊਟ ਪਟਾਂਗ ਕਿੱਸਾ ਜੁੜਵਾ ਕੇ ਨਾਮ ਚਾਤ੍ਰਿਕ ਦੀ ਥਾਂ ਮਾਤ੍ਰਕ ਛਪਵਾ ਲਿਆ ਤੇ ਸਸਤੇ ਭਾਉ ਤੇ ਵੇਚਣਾ ਸ਼ੁਰੂ ਕਰ ਦਿੱਤਾ। ਜਦ ਲੋਕ ਚਾਤ੍ਰਿਕ ਦਾ ਮੰਗਣ ਤਾਂ ਕਹਿ ਦਿਤਾ ਜਾਂਦਾ ਕਿ ਚਾਤ੍ਰਿਕ ਮਰ ਗਿਆ ਹੈ ਇਹ ਉਸ ਦੇ ਭਰਾ ਮਾਤ੍ਰਕ ਦਾ ਹੈ। ਕੁਝ ਚਿਰ ਲੋਕ ਇਸ ਚਾਲ ਵਿਚ ਆਏ ਰਹੇ, ਪਰ ਬਾਦ ਵਿਚ ਉਹ ਅਸਲੀ ਕਿਤਾਬ ਵਿਕਣ ਲਗ ਪਈ ਤੇ ਨਕਲ ਨਕਲ ਹੀ ਰਹਿ ਗਈ।
ਇਸ ਕਿਸਮ ਦੀਆਂ ਹੋਰ ਭੀ ਸੈਂਕੜੇ ਤਰਾਂ ਦੀਆਂ ਤਜਾਰਤੀ ਜਾਅਲਸਾਜ਼ੀਆਂ ਕਿਤਾਬੀ ਦੁਨੀਆਂ ਵਿਚ ਹੁੰਦੀਆਂ ਰਹੀਆਂ; ਅਦਾਲਤਾਂ ਵਿਚ ਮੁਕੱਦਮੇ ਭੀ ਚਲਦੇ ਰਹੇ। ਕਵੀ ਕਾਲੀਦਾਸ ਗੁਜਰਾਂਵਾਲੀਏ ਨੂੰ ਚਾਲਾਕ ਲੋਕਾਂ ਨੇ ਬੜਾ ਹੈਰਾਨ ਕੀਤਾ, ਪਰ ਆਖ਼ਰ ਸੱਚ ਦੀ ਫਤਹ ਹੋਈ।
ਝੂਠ ਮੂਠ ਰਵਾਇਤਾਂ ਦੇ ਸਿਲਸਿਲੇ ਵਿਚ ਇਕ ਗੱਲ ਯਾਦ ਆ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਵਲੋਂ ਜੋ ਪੰਜਾਬੀ ਕੋਰਸ ਮੈਟ੍ਰਿਕ ਲਈ ਛਪਿਆ ਹੋਇਆ ਹੈ, ਉਸ ਵਿਚ ਸ਼ਾਹ ਮੁਹੰਮਦ ਨੂੰ ਵਟਾਲੇ ਦਾ ਵਸਨੀਕ ਦਸਿਆ ਗਿਆ ਹੈ, ਹਾਲਾਂ ਕਿ ਉਹ ਵਡਾਲਾ ਜ਼ਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ।

ਪੰਜਾਬੀ ਬੋਲੀ ਦੀ ਤਾਰੀਖ਼

ਪੰਜਾਬੀ ਬੋਲੀ ਬਾਬਤ ਸਭ ਤੋਂ ਪਹਿਲਾ ਜ਼ਿਕਰ ਸੰਨ ੧੯੧੩ ਵਿਚ ਮੇਰੇ ਵਲੋਂ "ਚਸ਼ਮਾ ਹਯਾਤ" ਦੇ ਨਾਮ ਹੇਠ ਨਿਕਲਿਆ। ਇਸ ਤੋਂ ਬਾਦ ਬਾਵਾ ਬੁਧ ਸਿੰਘ ਰੀਟਾਇਰਡ ਐਗਜ਼ੈਕਟਿਵ ਇੰਨਜੀਨੀਅਰ ਵਲੋਂ ਪੰਜ ਕਿਤਾਬਾਂ, ਪ੍ਰੇਮ ਕਹਾਣੀ, ਮਰਦਮ ਬੁਧ, ਹੰਸ ਚੋਗ, ਕੋਇਲ ਕੂ ਅਤੇ ਬੰਬੀਹਾ ਬੋਲ ਨਾਮ ਦੀਆਂ ਛਪੀਆਂ। ਉਨਾਂ ਨੇ ਪੰਜਾਬੀ ਸਾਹਿਤ ਵਿਚ ਇਕ ਆਦਰ ਜੋਗ ਪੈਰ ਵਧਾਇਆ, ਪਰ ਚੂੰਕਿ ਉਨ੍ਹਾਂ ਦਾ ਇਹ ਜਤਨ ਮੇਰੇ ਵਾਂਗ ਹੀ ਅਧੂਰਾ ਸੀ, ਇਸ ਲਈ ਸਾਹਿੱਤਕ ਵਾਕਫੀਅਤ ਦੇ ਪ੍ਰੇਮੀਆਂ ਦੀ ਮਨੋਕਾਮਨਾ ਅਛੀ ਤਰਾਂ ਪੂਰੀ ਨਾ ਹੋਈ। ਇਸ ਦੇ ਬਾਦ ਡਾਕਟਰ ਮੋਹਣ ਸਿੰਘ ਜੀ ਦੀਵਾਨਾ ਨੇ ਅੰਗ੍ਰੇਜ਼ੀ ਵਿਚ ਹਿਸਟਰੀ ਆਫ ਪੰਜਾਬੀ ਲਿਟਰੇਚਰ ਛਪਵਾਈ ਜਿਸ ਪਰ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਵਲੋਂ "ਡੀ.ਲਿਟ" ਦੀ ਡਿਗਰੀ ਪੇਸ਼ ਕੀਤੀ ਗਈ। ਇਸੇ ਜ਼ਮਾਨੇ ਵਿਚ ਖਾਂ ਸਾਹਬ ਕਾਜ਼ੀ ਫ਼ਜ਼ਲਿ ਹਕ ਐਮ. ਏ. ਨੇ ਕੁਝ ਕਵੀਆਂ ਦੇ ਹਾਲ ਪੰਜਾਬੀ ਦਰਬਾਰ ਵਿਚ ਕਢਵਾਏ। ਸੰਨ ੧੯੩੮ ਵਿਚ ਸਰਦਾਰ ਗੋਪਾਲ ਸਿੰਘ ਦਰਦੀ ਐਮ. ਏ. ਨੇ ਇਕ ਪੁਸਤਕ ਰੋਮਾਂਟਿਕ ਪੰਜਾਬੀ ਕਵੀ ਲਿਖੀ ਹੈ, ਇਹ ਗੁਰਮੁਖੀ ਅੱਖਰਾਂ ਵਿਚ ਛਪੀ ਹੋਈ ਹੈ।

ਮਰਕਜ਼ (ਕੇਂਦ੍ਰ) ਅਤੇ ਅਖਰਾਂ ਦਾ ਝਗੜਾ

ਹੁਣ ਅਸੀਂ ਉਨ੍ਹਾਂ ਗੱਲਾਂ ਵਲ ਆਉਂਦੇ ਹਾਂ, ਜਿਨ੍ਹਾਂ ਉੱਤੇ ਇਹ ਸੋਚਣਾ ਹੈ ਕਿ

-੨੭-