ਪੰਨਾ:ਪੰਜਾਬ ਦੇ ਹੀਰੇ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵਿਚ ਸ਼ਾਇਰ ਨੇ ਗੁਲਾਬ ਦੀਆਂ ਵੇਲਾਂ ਲਿਖਿਆ ਹੈ, ਜੋਕਿ ਠੀਕ ਨਹੀਂ।

ਸੱਯਦ ਫਜ਼ਲ ਸ਼ਾਹ ਨੇ ਕਾਫੀਏ ਪੂਰੇ ਕਰਨ ਵਾਸਤੇ ਗਲਤ ਲਫ਼ਜ਼ ਭੀ ਵਰਤੇ ਹਨ, ਜ਼ਿਹਾ ਕਿ ਨੈਨ, ਦਾਰੈਨ ਤੇ ਵੈਨ ਦੇ ਨਾਲ ਅਗਵੈਨ ਲੰਘੈਨ ਭੀ ਵਰਤੇ ਹਨ।

ਇਸੇ ਤਰ੍ਹਾਂ ਸਯਦ ਵਾਰਸ ਸ਼ਾਹ ਨੇ ਬੰਦਾ, ਸੰਦਾ, ਮੰਡਾ, ਗੰਡਾ, ਅਤੇ ਸ਼ੋਰ,ਮੋਰ ਦੇ ਨਾਲ ਜੋੜ ਤੋੜ ਵਰਤਿਆ ਹੈ। ਚੀਨ ਦੇ ਨਾਲ ਪੀੜ, ਪ੍ਰੀਤ, ਤਲਵਾਰ ਦੀ ਥਾਂ ਤਲਵਾਰੀ, ਘਮੁੰਨ ਦੇ ਥਾਂ ਘਸੁੰਨੀਏ, ਇਸੇ ਤਰ੍ਹਾਂ ਬਲੋਚਣ ਦੇ ਥਾਂ ਬਲੋਚਣੀ,ਤਰਖਾਣੀ ਤੇ ਖੋਜੀ ਦੀ ਥਾਂ ਤਰਖਾਸੀ ਤੇ ਖੋਜਾਸੀ ਪਦ ਵਰਤੇ ਹਨ (ਵਾਰਸ ਸ਼ਾਹ ਦੀ ਨੁਕਤਾਚੀਨੀ ਉਸ ਦੇ ਕਲਾਮ ਵਾਲੇ ਹਿਸੇ ਵਿਚ ਵਖਰੀ ਮੌਜੂਦ ਹੈ) ਸਯਦ ਫਜ਼ਲ ਸ਼ਾਹ ਨੇ ਪੰਜਾਬੀ ਵਿਚ ਫਾਰਸੀ ਬਹੁਤ ਵਰਤੀ ਹੈ, ਜੋ ਬੁਰੀ ਲਗਦੀ ਹੈ ।

ਕਈ ਸ਼ਾਇਰਾਂ ਨੇ ਕੁਦਰਤੀ ਹਾਲਾਤ ਦੀ ਭੀ ਪਰਵਾਹ ਨਹੀਂ ਕੀਤੀ, ਜਿਹਾ ਕਿ ਪੀਰ ਨੇਕ ਆਲਮ ਨੇ ਆਪਣੀ ਕਤਾਬ ਅਸਗਰ ਸੁਗਰਾ ਵਿਚ ਸੁਸ਼ਰਾ ਦੇ ਹੁਸਨ ਦੀ ਉਪਮਾ ਕਰਦਿਆਂ ਲਿਖਿਆ ਹੈ:-

ਅਠਵੇਂ ਸਾਲ ਪੁਰ ਨਕਸ਼ ਨਿਗਾਰ ਚਿਹਰਾ,ਸਰਸ ਰਖਦਾ ਸ਼ਾਨ ਅਰਧੰਗ ਕੋਲੋਂ।

ਸ਼ੋਖ ਚੁਲਬੁਲੇ ਨੈਨ ਮਮੋਲਿਆਂ ਥੀਂ, ਲੰਮੀ ਧੌਣ ਅਜੀਬ ਕੁਲੰਗ ਕੋਲੋਂ।

ਭਾਰੇ ਪੱਟ ਪਹਾੜ ਦੀ ਜੜ ਨਾਲੋਂ, ਪਤਲਾ ਲੱਕ ਧਮੂੜੀ ਦੇ ਡੰਗ ਕੋਲੋਂ।

ਸੁਸਤ ਹਿਰਸ ਹਵਾ ਮਦਰਾਸ ਨਾਲੋਂ, ਚੁਸਤ ਜ਼ਿਹਨ ਜ਼ਕਾ ਦੇ ਰੰਗ ਕੋਲੋਂ।

ਅਠ ਬਰਸ ਦੀ ਕੁੜੀ ਦੀ ਸ਼ਾਨ ਵਿਚ ਇਹ ਕੁਝ ਲਿਖਣਾ ਸਿਰਫ ਗਪ ਤੋਂ ਵਧ ਨਹੀਂ।

ਇਸੇ ਤਰ੍ਹਾਂ ਮੀਆਂ ਅੱਲਾਦਿੱਤਾ ਕਿੱਸਾ ਦਾਹੂਦ ਬਾਦਸ਼ਾਹ ਵਿਚ ਇਕ ਥਾਂ ਹਜ਼ਰਤ ਅਲੀ ਦਾ ਜ਼ਿਕਰ ਕਰਦਾ ਹੈ ਅਰ ਉਥੇ ਹੀ ਪੰਜਾਬ ਦੀਆਂ ਔਰਤਾਂ ਦੇ ਨਾਮ ਲੈਂਦਾ ਹੈ ਜੋ ਜੁਗ਼ਰਾਫੀਆਈ ਇਤਬਾਰ ਨਾਲ ਗ਼ਲਤ ਹੈ। ਹਜ਼ਰਤ ਅਲੀ ਅਰਬ ਦੇ ਰਹਿਣ ਵਾਲੇ ਸਨ, ਉਨ੍ਹਾਂ ਦੇ ਜ਼ਿਕਰ ਵਿਚ ਔਰਤਾਂ ਦੇ ਅਰਬੀ ਨਾਮ ਆਉਣੇ ਚਾਹੀਦੇ ਸਨ ਪਰ ਸ਼ਾਇਰ ਨੇ ਨਥੋ ਬਨਤੋ ਆਦਿਕ ਲਿਖ ਮਾਰੇ ਹਨ।

ਪੰਜਾਬੀ ਸ਼ਾਇਰੀ

ਇਹ ਬਿਆਨ ਬੜਾ ਵਧ ਗਿਆ ਹੈ। ਜੋ ਕੁਝ ਪੰਜਾਬੀ ਸ਼ਾਇਰੀ ਬਾਬਤ ਕਹਿਣ ਦਾ ਇਰਾਦਾ ਸੀ ਅਤੇ ਉਸਦੇ ਗੁਣ ਦੋਸ਼ ਦਸਣੇ ਸਨ, ਉਹ ਅਧੂਰੇ ਰਹਿ ਗਏ ਹਨ, ਇਸ ਲਈ ਇਸ ਬਿਆਨ ਨੂੰ ਹੋਰ ਵਧਾਣਾ ਛਡਿਆ ਜਾਂਦਾ ਹੈ, ਸਿਰਫ਼ ਸੰਖੇਪ ਮਾਤ੍ਰ ਇਹੋ ਕਾਫੀ ਹੈ, ਕਿ ਪੰਜਾਬੀ ਸ਼ਾਇਰੀ ਵਿਚ ਹਰ ਕਿਸਮ ਦਾ ਕਲਾਮ, ਤਸੱਵਫ, ਮਾਰਫਤ, ਮਜ਼ਹਬ, ਇਸ਼ਕ, ਫਲਸਫਾ, ਅਦਬ, ਇਖਲਾਕ, ਕਿੱਸਾ ਗੋਈ, ਸਭ ਕੁਝ ਮੌਜੂਦ ਹੈ। ਚੂੰਕਿ ਪੰਜਾਬੀ ਸ਼ਾਇਰੀ ਤੇ ਸ਼ਾਇਰਾਂ ਦੀ ਮੁਨਾਸਬ ਕਦਰਦਾਨੀ ਨਹੀਂ

-੫੩-