ਰੋਈ, ਇਸ ਲਈ ਸਾਡੀ ਮਾਤ ਬੋਲੀ ਭੀ ਅਗੇ ਨਹੀਂ ਵਧ ਸਕੀ । ਜੇ ਕੋਈ ਇਸ ਦੀ ਵਾਤ ਪੁਛਣ ਵਾਲਾ ਹੁੰਦਾ, ਤਾਂ ਪੰਜਾਬੀ ਕਲਾਮ ਹੀਰੇ ਜਵਾਹਰਾਤਾਂ ਨਾਲ ਤੁਲ ਸਕਦਾ।
ਸੰਨ ੧੯੧੩ ਵਿੱਚ ਪੰਜਾਬੀ ਸ਼ਾਇਰਾਂ ਦਾ ਸੰਖੇਪ ਜਿਹਾ ਹਾਲ "ਚਸ਼ਮਾਏ ਹਯਾਤ" ਦੇ ਸਿਰਲੇਖ ਹੇਠ ਛਪਵਾਉਣ ਦੇ ਬਾਦ ਮੈਨੂੰ ਖਿਆਲ ਹੋਇਆ ਕਿ ਪੰਜਾਬੀ ਸ਼ਾਇਰਾਂ ਦਾ ਮੁਕੰਮਲ ਤੇ ਮੁਫ਼ੱਸਲ ਤਜ਼ਕਰਾ ਕੀਤਾ ਜਾਏ । ਸੋ ਓਦੋਂ ਤੋਂ ਹੀ ਇਸ ਦੀ ਤਕਮੀਲ ਵਿਚ ਜੁਟਿਆ ਰਿਹਾ। ਰੋਟੀ ਦੇ ਝਗੜੇ ਔਰ ਦੁਨਿਆਵੀ ਧੰਦਿਆਂ ਦੇ ਨਾਲ ਪੰਜਾਬੀ ਬੋਲੀ ਦੀ ਇਹ ਸੇਵਾ ਭੀ ਕਰਦਾ ਰਿਹਾ। ਰਬ ਦਾ ਅਹਿਸਾਨ ਹੈ, ਕਿ ਮੇਰੀ ਇਹ ਮਿਹਨਤ ਪਰਵਾਨ ਚੜ੍ਹ ਗਈ ਅਰ ਮੇਰਾ ਇਹ ਮਕਸਦ ਪੂਰਾ ਹੋ ਗਿਆ। ਬਾਬਾ ਫਰੀਦੁੱਦੀਨ ਗੰਜ ਸ਼ਕਰ ਦੇ ਜ਼ਮਾਨੇ ਤੋਂ ਲੈ ਕੇ ਹੁਣ ਤਕ ਦੇ ਹਾਲਾਤ ਇਕਠੇ ਹੋ ਗਏ, ਜਿਨ੍ਹਾਂ ਦਾ ਹੁਜਮ ਲਗ ਭਗ ਇਕ ਹਫ਼ਾਹ ਸਫੇ ਦਾ ਹੈ। ਇਸ ਵਿਚੋਂ ਪਹਿਲਾ ਹਿੱਸਾ ਸ਼ੁਰੂ ਤੋਂ ਲੈਕੇ ਅਠਾਰਵੀਂ ਸਦੀ ਦੇ ਅੰਤ ਤਕ ਦਿਤਾ ਜਾ ਰਿਹਾ ਹੈ, ਅਤੇ ਉਨੀਸਵੀਂ ਸਦੀ ਤੇ ਵੀਹਵੀਂ ਸਦੀ ਦਾ ਕੁਝ ਹਿੱਸਾ (ਕਰੀਬ ਸਵਾ ਸੌ ਸਾਲ ਦੇ ਹਾਲਾਤ) ਜੋ ਬਹੁਤ ਦਿਲਚਸਪ ਹੈ, ਦੂਜੀ ਕਿਸਤ ਵਿਚ ਦਿਤਾ ਜਾਏਗਾ ਅਤੇ ਜੇਕਰ ਰਬ ਨੇ ਹਿੰਮਤ ਦਿੱਤੀ ਤੇ ਪਾਠਕਾਂ ਨੇ ਪਸੰਦ ਕਰ ਲਿਆ ਤਾਂ ਉਹ ਹਿੱਸਾ ਭੀ ਜਲਦੀ ਹੀ ਪਬਲਿਕ ਦੇ ਸਾਹਮਣੇ ਆ ਜਾਵੇਗਾ। ਪੰਜਾਬੀ ਬੋਲੀ ਦੀ ਸੇਵਾ ਦੇ ਮਕਸਦ ਨਾਲ ਜੋ ਕੁਝ ਲਿਖਿਆ ਹੈ,ਨੇਕ ਨੀਯਤੀ ਨਾਲ ਲਿਖਿਆ ਹੈ, ਜੋ ਕਿਸੇ ਨੂੰ ਕੋਈ ਸੱਚੀ ਸੱਚੀ ਗਲ ਚੁਭੀ ਹੋਵੇ ਤਾਂ ਮੇਰੀ ਲਾਚਾਰੀ ਨੂੰ ਮਾਫ ਕਰ ਦਿੱਤਾ ਜਾਵੇ। ਮੈਂ ਆਪਣੇ ਵਲੋਂ ਸਹੀ ਸਹੀ ਹਾਲਾਤ ਇਕੱਠੇ ਕੀਤੇ ਹਨ,ਪਰ ਬੰਦਾ ਆਖ਼ਰ ਬੰਦਾ ਹੈ, ਜੋ ਕਿਸੇ ਸੱਜਣ ਨੂੰ ਕੋਈ ਉਕਾਈ ਲੱਭੇ ਤਾਂ ਮੈਨੂੰ ਸਮਝਾ ਦਿੱਤੀ ਜਾਵੇ ਤਾਕਿ ਦੂਜੀ ਐਡੀਸ਼ਨ ਵਿਚ ਧੰਨਵਾਦ ਸਹਿਤ ਓਹ ਸਲਾਹਾਂ ਵਰਤੀਆਂ ਜਾ ਸੱਕਣ। ਇਸ ਸਿਲਸਿਲੇ ਵਿਚ ਜਿਨ੍ਹਾਂ ਸੱਜਣਾਂ ਪਾਸੋਂ ਮੈਨੂੰ ਸਹਾਇਤਾ ਮਿਲੀ, ਜਿਨ੍ਹਾਂ ਨੇ ਆਪਣੇ ਹਾਲਾਤ ਨੋਟ ਕਰਾਏ, ਬਾਵਾ ਟਿਕਾਣਿਆਂ ਦਾ ਪਤਾ ਦਿੱਤਾ, ਉਨ੍ਹਾਂ ਦਾ ਮੈਂ ਸੱਚੇ ਦਿਲੋਂ ਧੰਨਵਾਦੀ ਹਾਂ । ਖ਼ਾਸ ਕਰ ਸਰਦਾਰ ਐਸ.ਐਸ. ਚਰਨ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਬਾਬੂ ਹਮਦਮ ਸਾਹਬ, ਗਿਆਨੀ ਐਸ. ਐਸ. ਅਮੋਲ ਦਾ ਬਹੁਤ ਮਸ਼ਕੂਰ ਹਾਂ। ਇਸ ਤੋਂ ਸਿਵਾਇ ਮੈਂ ਆਪਣੇ ਹਿਤਕਾਰੀ ਲਾਲਾ ਧਨੀ ਰਾਮ ਚਾਤ੍ਰਿਕ ਦਾ ਖਾਸ ਤੌਰ ਤੇ ਧੰਨਵਾਦੀ ਹਾਂ, ਜਿਨ੍ਹਾਂ ਦੀ ਕੋਸ਼ਸ਼ ਤੇ ਮੇਹਨਤ ਨਾਲ ਮੇਰੀ ਇਹ ਮੁਹਿਮ ਤੋੜ ਚੜ੍ਹ ਸਕੀ ਹੈ। ਉਨ੍ਹਾਂ ਨੇ ਹੀ ਸਾਰੀ ਇਬਾਰਤ ਨੂੰ ਉਰਦੂ ਹਰਫਾਂ ਤੋਂ ਗੁਰਮੁਖੀ ਅੱਖਰਾਂ ਵਿਚ ਨਕਲ ਕਰਵਾ ਕੇ ਦਿੱਤਾ, ਆਪ ਪੜ੍ਹਿਆ ਤੇ ਵਾਧਾਂ ਘਾਟਾਂ ਨੂੰ ਠੀਕ ਕਰ ਦਿੱਤਾ । ਸਾਰਾ ਸਰਮਾਯਾ ਛਪਾਈ ਤੇ ਕਾਗਤ ਆਦਿਕ ਦਾ ਆਪਣੇ ਪਾਸੋਂ ਲਾਇਆ ਤੇ ਆਪਣੇ ਪ੍ਰੈਸ ਵਿਚੋਂ ਪ੍ਰਕਾਸ਼ਤ ਕੀਤਾ ਹੈ ।
ਮੌਲਾ ਬਖਸ਼ ਕੁਸ਼ਤਾ