ਪੰਨਾ:ਪੰਜਾਬ ਦੇ ਹੀਰੇ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਨੇ ਮੁਰਸ਼ਦ ਨੂੰ ਆਖਿਆ। ਉਨ੍ਹਾਂ ਫਰਮਾਇਆ ਕਿ ਉਹ ਖਾਣਾ ਇਕ ਸ਼ਰਾਬ ਵੇਚਣ ਵਾਲੇ ਦੇ ਘਰ ਦਾ ਸੀ ਇਸ ਲਈ ਹਜ਼ਮ ਨਹੀਂ ਹੋ ਸਕਿਆ। ਹੁਣ ਦੂਜੀ ਵਾਰੀ ਰੋਜ਼ਾ ਰਖੋ ਅਤੇ ਤੀਜੇ ਦਿਨ ਜੋ ਮਿਲੇ ਖਾ ਲਓ। ਆਪ ਨੇ ਏਸੇ ਤਰ੍ਹਾਂ ਹੀ ਕੀਤਾ ਪਰ ਤੀਜੇ ਦਿਨ ਜਦ ਆਪ ਜੀ ਨੂੰ ਕੁਝ ਹੱਥ ਨ ਆਇਆ ਤਾਂ ਮਜਬੂਰੀ ਭੁਖ ਅਤੇ ਕਮਜ਼ੋਰੀ ਕਾਰਨ ਕੁਝ ਕੰਕਰੀਆਂ ਚੁਕ ਕੇ ਮੂੰਹ ਵਿਚ ਪਾ ਲਈਆਂ; ਪਰ ਇਉਂ ਪਤਾ ਲਗਾ ਕਿ ਇਹ ਮਿਸਰੀ ਦੀਆਂ ਡਲੀਆਂ ਸਨ। ਆਪ ਨੇ ਇਸ ਨੂੰ ਸ਼ੈਤਾਨ ਦੀ ਕਾਰਿਸਤਾਨੀ ਸਮਝ ਕੇ ਥੁਕ ਦਿੱਤਾ। ਇਸ ਪਿਛੋਂ ਕੁਝ ਕੰਕਰੀਆਂ ਚੁੱਕ ਕੇ ਫੇਰ ਪਾਈਆਂ ਪਰ ਉਹ ਭੀ ਮਿਸਰੀ ਦੀਆਂ ਡਲੀਆਂ ਹੋ ਗਈਆਂ। ਹੁਣ ਆਪ ਨੂੰ ਯਕੀਨ ਹੋ ਗਿਆ ਕਿ ਇਹ ਖੁਦਾ ਦੀ ਬਖਸ਼ਿਸ਼ ਹੈ।

ਆਪ ਨੂੰ ਜਦ ਖਵਾਜਾ ਸਾਹਿਬ ਪਾਸ ਰਹਿੰਦੇ ਹੋਏ ਬਹੁਤ ਸਮਾਂ ਲੰਘ ਗਿਆ ਤਾਂ ਉਨ੍ਹਾਂ ਇਹ ਮਹਿਸੂਸ ਕੀਤਾ ਕਿ ਲਾਇਕ ਸ਼ਾਗਿਰਦ ਵਿਦਿਆ ਵਿੱਚ ਬਹੁਤ ਨਿਪੁੰਨ ਹੋ ਚੁਕਾ ਹੈ ਇਸ ਲਈ ਆਪ ਨੂੰ ਹੁਕਮ ਦਿਤਾ ਕਿ ਆਪ ਦਿੱਲੀ ਤੋਂ ਹਾਂਸੀ ਚਲੇ ਜਾਓ ਅਤੇ ਉਥੇ ਹੀ ਬੈਠ ਕੇ ਰੱਬ ਦੀ ਯਾਦ ਅਤੇ ਦੀਨ ਦੀ ਇਸ਼ਾਇਤ ਕਰੋ। ਆਪ ਹਾਂਸੀ ਤਸ਼ਰੀਫ ਲੈ ਗਏ ਅਤੇ ਇਕ ਇਕਾਂਤ ਥਾਂ ਤੇ ਬੈਠ ਕੇ ਰੱਬ ਦੀ ਯਾਦ ਕਰਨ ਲਗ ਪਏ। ੬੩੩ ਜਾਂ ੬੩੪ ਹਿ:ਵਿੱਚ ਖਵਾਜਾ ਬਖਤਿਆਰ ਕਾਕੀ ਨੇ ਚਲਾਣਾ ਕੀਤਾ ਤਾਂ ਆਪ ਦਿਲੀ ਆਏ ਅਤੇ ਖਵਾਜਾ ਸਾਹਿਬ ਦਾ ਚੋਲਾ ਪਾ ਕੇ ਗਦੀ ਨਸ਼ੀਨ ਹੋਏ ਅਤੇ ਲੋਕਾਂ ਵਿਚ ਗਿਆਨ ਉਪਦੇਸ਼ ਦਾ ਪ੍ਰਚਾਰ ਕਰਨ ਲਗ ਪਏ । ਆਪ ਦੀ ਸ਼ੁਹਰਤ ਹਰ ਥਾਂ ਫੈਲ ਚੁਕੀ ਸੀ ਇਸ ਲਈ ਚਾਹਵਾਨ ਚੌਹਾਂ ਪਾਸਿਆਂ ਤੋਂ ਉਮਡ ਪਏ ਅਤੇ ਆਪ ਇਸ ਬੇਓੜਕ ਹਜੂਮ ਤੋਂ ਘਬਰਾ ਕੇ ਵਾਪਸ ਹਾਂਸੀ ਚਲੇ ਗਏ ਪਰ ਹੁਣ ਉਥੇ ਭੀ ਸ਼ੁਹਰਤ ਕਾਰਨ ਬਹੁਤ ਚਾਹਵਾਨ ਆ ਗਏ ਇਸ ਲਈ ਮਜਬੂਰੀ ਉਹ ਥਾਂ ਛਡ ਕੇ ਅਜੋਧਨ (ਜਿਸ ਨੂੰ ਹੁਣ ਪਾਕਪਟਨ ਕਹਿੰਦੇ ਹਨ) ਤਸ਼ਰੀਫ ਲੈ ਗਏ ਅਤੇ ਇਸ ਬੇਆਬਾਦ ਥਾਂ ਤੇ ਰਹਿ ਕੇ ਦਿਨ ਰਾਤ ਰੱਬ ਦੀ ਯਾਦ ਵਿੱਚ ਲੱਗ ਗਏ। ਅਜੋਧਨ ਵਿੱਚ ਜਿਥੇ ਆਪ ਰਹਿੰਦੇ ਸਨ,ਨਾ ਉਥੇ ਕੋਈ ਬਜ਼ਾਰ ਸੀ,ਨਾ ਮਕਾਨ,ਨਾ ਰੋਣਕ ਅਤੇ ਨਾਂ ਹੀ ਆਬਾਦੀ ਸੀ। ਕੇਵਲ ਕਰੀਰ ਦਾ ਇਕ ਜੰਗਲ ਸੀ ਅਤੇ ਇਹ ਕੰਡਿਆਂ ਵਾਲੇ ਰੁੱਖ ਏਥੋਂ ਦੀ ਸਜਾਵਟ ਸਨ। ਇਸ ਲਈ ਕਈ ਵਾਰੀ ਆਪ ਕਰੀਰ ਦੇ ਫੁਲਾਂ ਨਾਲ ਹੀ ਰੋਜ਼ਾ ਖੋਲ੍ਹ ਲੈਂਦੇ।

ਜਦ ਭਗਤੀ ਅਤੇ ਤਪ ਦੀ ਆਵਾਜ਼ ਇਸ ਬੇਆਬਾਦ ਧਰਤੀ ਤੇ ਗੂੰਜੀ ਤਾਂ ਹਜ਼ਾਰਾਂ ਦਰਸ਼ਕਾਂ ਦਾ ਇਕੱਠ ਹੋਣ ਲਗ ਪਿਆ ਜਿਸ ਕਰਕੇ ਇਹ ਬੇਰੌਣਕਾ ਜੰਗਲ ਸ੍ਵਰਗ ਦਾ ਨਮੂਨਾ ਬਣ ਗਿਆ।

ਕਮਾਲਾਤ:-ਹਜ਼ਰਤ ਬਾਬਾ ਫ਼ਰੀਦ ਦੀਆਂ ਕਰਾਮਾਤਾਂ ਦੀਆਂ ਇੰਨੀਆਂ ਰਵਾਇਤਾਂ ਹਨ ਕਿ ਜੇ ਇਨ੍ਹਾਂ ਨੂੰ ਕੱਠਾ ਕੀਤਾ ਜਾਏ ਤਾਂ ਇਕ ਵਡਾਂ ਦਫ਼ਤਰ ਤਿਆਰ ਹੋ ਸਕਦਾ ਹੈ। ਇਸ ਲਈ ਸੰਕੋਚ ਕਰਦੇ ਹੋਏ ਕੇਵਲ ਦੋ ਘਟਨਾਵਾਂ ਵਨਗੀ ਲਈ ਦੇਂਦੇ ਹਾਂ:-

ਤਜ਼ਕਰਾਤਲ ਆਸ਼ਕੀਨ ਦੇ ਲਿਖਾਰੀ ਦਾ ਕਥਨ ਹੈ ਕਿ ਇਕ ਵਾਰੀ ਇਕ ਸੌਦਾਗਰ ਉਠ ਉਤੇ ਸ਼ੱਕਰ ਲੱਦ ਕੇ ਮੁਲਤਾਨ ਦੇ ਰਸਤੇ ਦਿੱਲੀ ਵੱਲ ਜਾ ਰਿਹਾ ਸੀ। ਆਪ ਨੇ ਇਨ੍ਹਾਂ ਭਰੇ ਹੋਏ ਊਠਾਂ ਨੂੰ ਵੇਖ ਕੇ ਸੌਦਾਗਰ ਪਾਸੋਂ ਪੁਛਿਆ ਕਿ ਇਨ੍ਹਾਂ ਊਠਾਂ ਉਤੇ ਕੀ