ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਲਾਦ ਛਡ ਗਏ ਜੋ ਸਭ ਪੀਰੀ ਦੇ ਦਰਜੇ ਤੇ ਅਪੜੀ। ਏਸੇ ਤਰਾਂ ਬੇਸ਼ੁਮਾਰ ਮੁਰੀਦ ਅਤੇ ਖਲੀਫ਼ੇ ਆਪ ਦੀ ਯਾਦਗਾਰ ਰਹੇ*। ਹਜ਼ਰਤ ਨਜ਼ਾਮ ਦੀਨ ਔਲੀਆਂ ਆਪ ਦੇ ਜਵਾਈ ਅਤੇ ਹਜ਼ਰਤ ਅਲੀ ਅਹਿਮਦ ਸਾਬਰੀ ਸਰਹੰਦ ਸ਼ਰੀਫ਼ ਵਾਲੇ ਆਪ ਦੇ ਭਣੇਵੇਂ ਸਨ।

ਆਪ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਪੜੀ ਜਾਂਦੀ ਹੈ। ਆਪ ਦੇ ਸ਼ਲੋਕ ਵੈਰਾਗ ਦੇ ਭਰੇ ਹੋਏ ਹਨ ਅਤੇ ਬਹੁਤ ਕਰਕੇ ਲੋਕਾਂ ਦੀ ਜ਼ਬਾਨ ਤੇ ਹਨ।

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਤਤਿ ਜਾਹਿ
ਜਿਤ ਪਿਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ
ਫਰੀਦਾ ਖਾਕੁ ਨ ਨਿੰਦੀਐ ਖਾਕੁ ਜੇਡੁ ਨ ਕੋਇ
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ
ਜੇ ਸਉ ਵਰ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ
ਅਜੈ ਸੁ ਰਬ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ
ਫਰੀਦਾ ਜੇ ਜਾਣਾਂ ਤਿਲ ਥੋੜੜੇ ਸੰਮਲਿ ਬੁਕੁ ਭਰੀ
ਜੋ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀਂ
ਦੇਖੁ ਫਰੀਦਾ ਜਿ ਥੀਆ ਦਾੜੀ ਹੋਈ ਭੂਰ
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰ
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ
ਧਿਗੁ ਤਿਨ੍ਹਾਂ ਦਾ ਜੀਵਿਆ ਜਿਨਾ ਵਡਾਣੀ ਆਸ
ਫਰੀਦਾ ਸਕਰ ਖੰਡੁ ਨਿਵਾਤ ਗੁੜ ਮਾਖਿਉ ਮਾਂਝਾ ਦੁਧੁ
ਸਭੇ ਵਸਤੁ ਮਿਠੀਆਂ ਰਬ ਨਾ ਪੁਜਨਿ ਤੁਧੁ
ਰੁਖੀ ਸੁਖੀ ਖਾਇਕੈ ਠੰਢਾ ਪਾਣੀ ਪੀਉ
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ

ਬਾਬਾ ਫ਼ਰੀਦ ਸ਼ਕਰ ਗੰਜ ਨੇ ਆਪਣੇ ਸ਼ਲੋਕਾਂ ਵਿੱਚ ਸ਼ੱਕਰ ਵੀ ਕਈ ਥਾਵਾਂ ਤੇ ਜ਼ਿਕਰ ਕੀਤਾ ਹੈ ਜੋ ਆਪ ਦੇ ਨਾਂ ਨਾਲ ਸਬੰਧ ਰਖਦਾ ਹੈ।


*ਮਹਾਨ ਕੋਸ਼ ਭਾਈ ਕਾਹਨ ਸਿੰਘ ਜੀ ਵਿਚ ਦਰਜ ਹੈ ਕਿ ਫਰੀਦਕੋਟ (ਮੌਜੂਦਾ ਫਰੀਦਕੋਟ ਰਿਆਸਤ ਦੀ ਰਾਜਧਾਨੀ) ਦਾ ਪਹਿਲਾ ਨਾਮ ਮੋਕਲ ਨਗਰ ਰਾਜਾ ਮੋਕਲ ਦੇਵ ਦਾ ਵਸਾਇਆ ਹੋਇਆ ਸੀ, ਪਰ ਬਾਬਾ ਫਰੀਦ ਜੀ ਦੇ ਚਰਨ ਪਾਉਣ ਸਮੇਂ ਉਸ ਨੇ ਉਨਾਂ ਦੇ ਨਾਮ ਪਰ ਹੀ ਫਰੀਦਕੋਟ ਨਾਮ ਰਖ ਦਿਤਾ ਤੇ ਹੁਣ ਤਕ ਇਸੇ ਨਾਮ ਤੇ ਵਸਦਾ ਆ ਰਿਹਾ ਹੈ।