(੯)
ਬੁਲਾਇਆ। ਹਕੀਮ ਨੇ ਨਬਜ਼ ਵੇਖਣ ਲਈ ਆਪ ਦੀ ਬਾਂਹ ਫੜੀ ਪਰ ਆਪ ਨੇ ਹਸ ਕੇ ਫਰਮਾਇਆ:-
ਵੈਦੁ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ
ਭੋਲਾ ਵੈਦੁ ਨ ਜਾਣਹੀ ਕਰਕ ਕਲੇਜੇ ਮਾਹਿ
ਇਨ੍ਹਾਂ ਗੱਲਾਂ ਨੇ ਲੋਕਾਂ ਦੀ ਸ਼ਰਧਾ ਆਪ ਵਲ ਕਰ ਦਿਤੀ ਅਤੇ ਆਪ ਨੂੰ ਵਲੀ ਅਤੇ ਖੁਦਾ ਪ੍ਰਸਤ ਸਮਝਣ ਲਗ ਪਏ। ਇਸ ਤਰਾਂ ਆਪ ਦੀ ਸ਼ੁਹਰਤ ਦਿਨੋਂ ਦਿਨ ਵਧਦੀ ਗਈ।
ਲਗ ਭਗ ਸੋਲਾਂ ਸਾਲ ਦੀ ਉਮਰ ਸੀ, ਜਦ ੧੫੪੧ ਬਿ: ਵਿੱਚ ਆਪ ਬਾਬਾ ਫਰੀਦ ਸ਼ਕਰ ਗੰਜ ਦੇ ਉਰਸ ਲਈ ਪਾਕਪਟਨ ਤਸ਼ਰੀਫ ਲੈ ਗਏ। ਉਥੇ ਆਪ ਦੇ ਉਤਰ ਪ੍ਰਸ਼ਨ ਸ਼ੇਖ ਇਬਰਾਹੀਮ ਸੱਜਾਦਾ ਨਸ਼ੀਨ ਦਰਗਾਹ ਫ਼ਰੀਦ ਨਾਲ ਹੋਏ। ਉਹ ਉਤਰ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।
ਤਿੰਨਾਂ ਦਿਨਾਂ ਪਿਛੋਂ ਜਦ ਆਪ ਉਰਸ ਤੋਂ ਵਾਪਸ ਆਏ ਤਾਂ ਆਪ ਦੇ ਪਿਤਾ ਨੇ, ਇਸ ਖਿਆਲ ਨਾਲ ਕਿ ਆਪ ਫਕੀਰਾਂ ਦੀ ਸੰਗਤ ਨਾਲ ਕਿਧਰੇ ਫਕੀਰ ਨਾ ਹੋ ਜਾਣ, ਆਪ ਨੂੰ ਕੁਝ ਰੁਪੈ ਦੇ ਕੇ ਸੌਦਾ ਖਰੀਦਨ ਤੇ ਤਜਾਰਤ ਕਰਨ ਲਈ ਲਾਹੌਰ ਘਲਿਆ ਅਤੇ ਆਪ ਦੇ ਨਾਲ ਖਬਰਦਾਰੀ ਲਈ ਭਾਈ ਬਾਲਾ ਸੰਧੂ ਜੱਟ ਨੂੰ ਭੀ ਘਲ ਦਿਤਾ।
ਪਿਤਾ ਪਾਸੋਂ ਵਿਦਾ ਹੋ ਕੇ ਆਪ ਜਦ ਚੂਹੜਕਾਣਾ ਦੇ ਲਾਗੇ ਪਹੁੰਚੇ ਤਾਂ ਆਪ ਨੇ ਭੁਖੇ ਸਾਧਾਂ ਦੀ ਇਕ ਮੰਡਲੀ ਬੈਠੀ ਹੋਈ ਵੇਖੀ।
ਆਪ ਨੇ ਭਾਈ ਬਾਲੇ ਨੂੰ ਆਖਿਆ ਕਿ ਇਨ੍ਹਾਂ ਰੁਪਈਆਂ ਨਾਲ ਆਟਾ ਦਾਲ ਆਦਿ ਖਰੀਦ ਲਿਆਓ ਤਾਂ ਜੁ ਇਨ੍ਹਾਂ ਸਾਧੂਆਂ ਲਈ ਭੋਜਨ ਤਿਆਰ ਕੀਤਾ ਜਾਏ। ਜਦ ਇਹ ਰੁਪਏ ਸੌਦਾ ਕਰਨ ਲਈ ਮਿਲੇ ਹਨ ਤਾਂ ਫਿਰ ਇਸ ਤੋਂ ਵਧ ਸਚਾ ਸੌਦਾ ਹੋਰ ਕੀ ਹੋ ਸਕਦਾ ਹੈ।
ਇਹ ਸੌਦਾ ਕਰਕੇ ਆਪ ਵਾਪਸ ਆਏ ਜਦ ਪਿਤਾ ਜੀ ਨੂੰ ਪਤਾ ਲਗਾ ਤਾਂ, ਉਹ ਬਹੁਤ ਗੁਸੇ ਹੋਏ ਅਤੇ ਅੰਤ ਆਪ ਨੂੰ ਆਪ ਦੀ ਭੈਣ ਨਾਨਕੀ ਪਾਸ ਸੁਲਤਾਨਪੁਰ (ਕਪੂਰਥਲਾ) ਵਿੱਚ ਘਲ ਦਿਤਾ।
ਏਥੇ ਆਪ ਦੇ ਭਣਵਈਆ ਜੈ ਰਾਮ ਨੇ ਆਪ ਦੀ ਬੜੀ ਆਉ ਭਗਤ ਕੀਤੀ ਅਤੇ ਇਸ ਖਿਆਲ ਨਾਲ ਕਿ ਆਪ ਕਿਧਰੇ ਫਕੀਰੀ ਵੇਸ ਹੀ ਧਾਰਨ ਨ ਕਰ ਲੈਣ, ਨਵਾਬ ਨੂੰ ਕਹਿਕੇ ਆਪ ਨੂੰ ਮੋਦੀਖਾਨੇ ਦਾ ਕੰਮ ਸੌਂਪ ਦਿਤਾ। ਹੁਣ ਆਪ ਨੂੰ ਖਲਕ ਖੁਦਾ ਦੀ ਖਿਦਮਤ ਦਾ ਚੰਗਾ ਸਮਾਂ ਹਬ ਆਇਆ ਅਤੇ ਆਪ ਨੇ ਰਸਦਾਂ ਦੇ ਖੁਲ੍ਹੇ ਗੱਫੇ ਸੰਤ, ਸਾਧਾਂ ਅਤੇ ਫ਼ਕੀਰਾਂ ਨੂੰ ਦੇਣੇ ਸ਼ੁਰੂ ਕੀਤੇ। ਕਹਿੰਦੇ ਹਨ ਕਿ ਤੋਲਦੇ ਤੋਲਦੇ ਜਦ ਆਪ ਦੀ ਧਾਰਨ ਬਾਰਾਂ ਤੋਂ ਲੰਘ ਕੇ ਤੇਰਾਂ ਤੇ ਅਪੜਦੀ ਤਾਂ ਆਪ ਦੇ ਮੂੰਹ ਤੇ ਤੇਰਾ ਤੇਰਾ ਹੀ ਚੜ੍ਹ ਜਾਂਦਾ ਅਤੇ ਤੇਰਾ ਸਮਝਦੇ ਹੋਏ ਹੀ ਸਭ ਕੁਝ ਉਸ ਦੇ ਹਵਾਲੇ ਕਰ ਦੇਂਦੇ। ਇਉਂ ਲੁਟ ਪੈਂਦੀ ਵੇਖ ਕੇ ਲੋਕਾਂ ਨੇ ਨਵਾਬ ਪਾਸ ਸ਼ਕਾਇਤ ਕੀਤੀ ਪਰ ਜਦ ਹਿਸਾਬ ਹੋਇਆ ਤਾਂ ਨੁਕਸਾਨ ਦੀ ਥਾਂ ਨਫ਼ਾ ਸਾਬਤ ਹੋਇਆ।