ਪੰਨਾ:ਪੰਜਾਬ ਦੇ ਹੀਰੇ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭


ਪਿਛੋਂ ਸਤਿਗੁਰੂ ਨਾਨਕ ਦੇਵ ਜੀ ਦਾ ਪਵਿਤ੍ਰ ਨਾਮ ਆਉਂਦਾ ਹੈ ਇਸ ਲਈ ਆਪ ਨੇ ਨਿਰਨਾਂ ਕਰਨ ਲਈ ਹਰ ਸ਼ਬਦ ਜਾਂ ਸ਼ਲੋਕ ਤੋਂ ਪਹਿਲਾਂ ਮਹਲਾ ਪਹਿਲਾ, ਦੂਜਾ, ਤੀਜਾ ਆਦਿ ਲਿਖ ਦਿਤੇ ਹਨ ਤਾਂ ਜੁ ਪਤਾ ਲਗ ਸਕੇ ਕਿ ਇਹ ਬਾਣੀ ਕਿਸ ਗੁਰੂ ਜੀ ਦੀ ਹੈ। ਇਸ ਤੋਂ ਛੁਟ ਕਬੀਰ, ਫਰੀਦ, ਧੰਨਾ, ਰਵਦਾਸ, ਪੀਪਾ, ਸੈਣ, ਸਧਨਾ, ਤ੍ਰਿਲੋਚਨ, ਬੇਨੀ, ਸੂਰਦਾਸ, ਰਾਮਾਨੰਦ, ਮੀਰਾਂਬਾਈ ਆਦਿ ਭਗਤਾਂ ਦੀਆਂ ਬਾਣੀਆਂ ਲਿਖਵਾਈਆਂ, ਜਿਨ੍ਹਾਂ ਉਤੇ ਉਨਾਂ ਦੇ ਨਾਂ ਦਰਜ ਹਨ।

ਮਥਰਾ, ਕਲਸ, ਕੀਰਤ ਆਦਿ ਸਤਾਰਾਂ ਭੱਟਾਂ ਨੇ ਜੋ ਕੁਝ ਗੁਰੁ ਸਾਹਿਬਾਂ ਦੀ ਉਪਮਾਂ ਵਿਚ ਕਵਿਤਾ ਲਿਖੀ ਹੈ ਉਹ ਭੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ।

ਸੱਤੇ ਅਤੇ ਬਲਵੰਡ ਦੀ ਬਾਣੀ ਜੋ ਰਾਮਕਲੀ ਰਾਗਣੀ ਵਿਚ ਉਚਾਰਨ ਹੈ ਉਸ ਨੂੰ ਭੀ ਗੁਰੁ ਗ੍ਰੰਥ ਸਾਹਿਬ ਵਿਚ ਚੜ੍ਹਨ ਦਾ ਮਾਨ ਬਖ਼ਸ਼ਿਆ ਗਿਆ ਹੈ। ਉਹ ਬੀੜ ਭਾ: ਗੁਰਦਾਸ ਦੀ ਹੱਥ ਲਿਖੀ ਇਸ ਵੇਲੇ ਕਰਤਾਰ ਪੁਰ ਵਿਚ ਹੈ | ਦਸਵੇਂ ਗੁਰੂ ਤੋਂ ਪਿਛੋਂ ਹੁਣ ਤਕ ਇਹ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹਨ।

੧੬੪੧ ਬਿ: ਵਿਚ ਆਪ ਨੇ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ,ਜਿਸਦੀ ਨੀਂਹ ਦਾ ਪਥਰ ਹਜ਼ਰਤ ਮੀਆਂ ਮੀਰ ਨੇ ਆਪਣੀ ਹਥੀਂ ਰਖਿਆ।

ਨੀਂਹ ਰਖਦੇ ਸਮੇਂ ਮੀਆਂ ਮੀਰ ਪਾਸੋ ਇੱਟ ਡਿਗੀ ਰਖੀ ਗਈ ਅਤੇ ਕਾਰੀਗਰਾਂ ਨੇ ਚੁਕ ਕੇ ਸਿਧੀ ਕਰ ਦਿਤੀ । ਇਹ ਵੇਖ ਕੇ ਆਪ ਨੇ ਫਰਮਾਇਆ ਕਿ ਇਹ ਮੰਦਰ ਇਕ ਵਾਰੀ ਉਖੜ ਕੇ ਫਿਰ ਬਣੇਗਾ । ਸੋ ਏਸੇ ਤਰ੍ਹਾਂ ਹੀ ਹੋਇਆ ਅਤੇ ੧੮੧੮ ਬਿ ਵਿਚ ਮੀਆਂ ਮੀਰ ਵਾਲੀ ਇੱਟ ਦੀ ਸੇਧ ਉਤੇ ਫੇਰ ਬਣਿਆ, ਜਿਸ ਕਰ ਕੇ ਅੰਮ੍ਰਿਤਸਰ ਵਿਚ ਬਹੁਤ ਦੌਣਕ ਹੋ ਗਈ ।

ਗੁਰੂ ਹਰ ਗੋਬਿੰਦ ਜੀ ਦੇ ਜਨਮ ਉਪ੍ਰੰਤ ਆਪ ਦੇ ਵਤੇ ਭਾਤਾ ਭਾਈ ਪ੍ਰਿਥੀ ਚੰਦ ਨਾਲ ਗੱਦੀ ਦੇ ਵਾਰਸੀ ਬਾਰੇ ਅਣ ਬਣ ਹੋ ਗਈ। ਅੰਤ ਗੁਰੂ ਹਰ ਗੋਬਿੰਦ ਜੀ ਨੂੰ ਯੋਰ। ਸਮਝ ਕੇ ਗੱਦੀ ਦਾ ਵਾਰਸ ਬਣਾਇਆ ਗਿਆ ।

ਗੁਰਦਾਸ ਪੁਰ ਦਾ ਦੀਵਾਨ ਚੰਦੂ ਲਾਲ ਚਾਹੁੰਦਾ ਸੀ ਕਿ ਗੁਰੂ ਸਾਹਿਬ ਆਪਣੇ ਸਪੁੱਤ ਦੀ ਸ਼ਾਦੀ ਮੇਰੇ ਘਰ ਕਰ ਦੇਣ ਪਰ ਸੰਗਤ ਦੇ ਕਹੇ ਅਨੁਸਾਰ ਆਪ ਨੇ ਪਰਵਾਨ ਨ ਕੀਤਾ ਕਿਉਂ ਜੋ ਉਸ ਨੇ ਗੁਰੂ ਘਰ ਦੀ ਨਿਰਾਦਰੀ ਕੀਤੀ ਸੀ। ਉਸ ਨੇ ਆਪਣੀ ਹਤਕ ਖਿਆਲ ਕਰਦੇ ਹੋਏ ਆਪ ਨੂੰ ਕਈ ਤਰ੍ਹਾਂ ਦੇ ਦੁਖ ਆਦਿ ਦਿਤੇ । ੧੬੬੮ ਬਿ: ਵਿਚ ਜਦ ਲਾਹੌਰ ਆਇਆ ਤਾਂ ਚੰਦੁ ਨੇ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੀ ਨਿੰਦਿਆ ਆਦਿ ਦਸ ਕੇ ਬਾਦਸ਼ਾਹ ਨੂੰ ਭੜਕਾਣਾ ਚਾਹਿਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਿਰਪਖ ਬਾਣੀ ਸੁਣ ਕੇ ਉਹ ਖੁਸ਼ ਹੋ ਗਿਆ ਅਤੇ ਗੁਰੂ ਜੀ ਨੂੰ ਨਜ਼ਰਾਨਾ ਆਦਿ ਦੇ ਕੇ ਵਾਪਸ ਘਲ ਦਿਤਾ -

ਜਹਾਂਗੀਰ ਦੇ ਸਮੇਂ ਚੰਦੂ ਨੇ ਖੁਸਰੋ ਦੀ ਮਦਦ ਬਾਰੇ ਆਪ ਦੀ ਸ਼ਕਾਇਤ ਕੀਤੀ ਜਿਸ ਕਾਰਨ ਆਪ ਨਜ਼ਰਬੰਦ ਕਰ ਦਿਤੇ ਗਏ। ਇਸ ਸਮੇਂ ਚੰਦੂ ਨੇ ਆ ਕੇ ਫਿਰ ਆਪ ਨੂੰ ਨਾਤਾ ਪਰਵਾਨ ਕਰਨ ਲਈ ਆਖਿਆ। ਆਪ ਨੇ ਫਿਰ ਭੀ ਇਨਕਾਰ ਕੀਤਾ ਜਿਸ ਕਾਰਨ ਆਪ ਨੂੰ ਤਤੇ ਤਵਿਆਂ ਤੇ ਬਹਿ ਕੇ ਤਤੇ ਰੇਤੇ ਸਹਾਰਨੇ ਪਏ।