ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ

ਪਿਤਾ ਜੀ ਦਾ ਨਾਂ ਗੁਰੂ ਅਰਜਨ ਦੇਵ, ਵਸਨੀਕ ਅੰਮ੍ਰਿਤਸਰ। ਆਪ ਜੀ ਦਾ ਜਨਮ ੧੬੫੨ ਬਿ: ਮੁਤਾਬਕ ੧੫੯੫ ਈ: ਵਿਚ ਹੋਇਆ। ਆਪ ਦੀ ਉਮਰ ਯਾਰਾਂ ਸਾਲਾਂ ਦੀ ਸੀ ਜਦ ਗੁਰੂ ਅਰਜਨ ਦੇਵ ਜੀ ਸਮਾ ਗਏ ਅਤੇ ਆਪ ਉਨਾਂ ਤੋਂ ਪਿਛੋਂ ਸਿਖਾਂ ਦੇ ਛੇਵੇਂ ਗੁਰੂ ਅਖਵਾਏ। ਆਪ ਭਾਵੇਂ ਬੱਚੇ ਹੀ ਸਨ ਪਰ ਵਰ ਵੀ ਵਾਹਿਗੁਰੁੂ ਦੀ ਬਖਸ਼ੀ ਲਿਆਕਤ ਅਨੁਸਾਰ ਗੁਰਿਆਈ ਦੇ ਪੂਰੇ ਯੋਗ ਹੋਏ। ਆਪ ਨੂੰ ਜੰਗ ਵਿਦਿਆ ਦਾ ਬਹੁਤ ਸ਼ੌਕ ਸੀ: ਪਰ ਨਾਲ ਹੀ ਫਕੀਰਾਨਾ ਤਬੀਅਤ ਵਲੋਂ ਭੀ ਘਟ ਨਹੀ ਸਨ। ਇਸੇ ਲਈ ਆਪ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਸੰਜੀਦਾ ਮਜ਼ਾਜੀ, ਉਚਾ ਹੌਸਲਾ ਅਤੇ ਬੇਦਾਰ ਮਗਜ਼ੀ ਦੇ ਨਾਲ ਹੀ ਬਹਾਦਰੀ ਅਤੇ ਹੌਸਲਾ ਆਪ ਨੂੰ ਕੁਦਰਤੀ ਦਾਤ ਸੀ।

ਜੰਗ ਦੇ ਸ਼ੌਕ ਕਾਰਨ ਆਪ ਨੇ ਛੇਤੀ ਹੀ ਫੌਜ ਬਣਾ ਕੇ ਲੋਹਗੜ੍ਹ ਕਿਲਾ ਕਾਇਮ ਕਰ ਕੇ ਉਸ ਵਿਚ ਜੰਗੀ ਸਾਮਾਨ ਇਕੱਠਾ ਕਰ ਲਿਆ ਅਤੇ ਸਿਖਾਂ ਦੇ ਝਗੜਿਆਂ ਦੇ ਫੈਸਲੇ ਆਦਿ ਆਪ ਕਰਨ ਲਗੇ। ਹੁਣ ਆਪ ਰਾਜਸੀ ਠਾਠ ਕਾਰਨ ਦਰਬਾਰ ਸਾਹਿਬ ਦੇ ਲਾਗੇ ਅਕਾਲ ਤਖ਼ਤ ਬਣਵਾ ਕੇ ਬਾਕਾਇਦਾ ਦਰਬਾਰ ਆਮ ਲਗਾਣ ਲਗੇ। ਆਪ ਆਪਣੇ ਮੁਨਸਫ਼ਾਨਾ ਫੈਸਲਿਆਂ ਦੇ ਕਾਰਨ ਛੇਤੀ ਹੀ ਸਚੇ ਪਾਤਸ਼ਾਹ ਦੇ ਨਾਂ ਤੇ ਉਘੇ ਹੋ ਗਏ। ਆਪ ਨੇ ਦੀਵਾਨ ਚੰਦੁ ਪਾਸੋਂ ਆਪਣੇ ਪਿਤਾ ਦਾ ਬਦਲਾ ਭੀ ਲਿਆ ।

ਆਪ ਆਪਣੇ ਪੋਤਰੇ ਗੁਰੂ ਹਰਿ ਰਾਏ ਨੂੰ ਗੁਰ ਗੱਦੀ ਸੌਂਪ ਕੇ ੧੭੦੧ ਬਿ: ਵਿਚ ਜੋਤੀ ਜੋਤ ਸਮਾ ਗਏ।

ਗੁਰੂ ਹਰਿ ਰਾਏ ਸਿੱਖਾਂ ਦੇ ਸਤਵੇਂ ਗੁਰੁ ੧੬੮੬ ਬਿ: ਵਿਚ ਸ਼ਾਹ ਜਹਾਨ ਦੇ ਸਮੇਂ ਕੀਰਤ ਪੁਰ ਵਿਚ ਪ੍ਰਗਟ ਹੋਏ। ਆਪ ਬੜੇ ਰਹਿਮ ਦਿਲ ਅਤੇ ਖੁਦਾ ਤਰਸ ਸਨ। ਇਕ ਵਾਰੀ ਆਪ ਇਕ ਬਾਗ ਵਿਚ ਸੈਰ ਕਰ ਰਹੇ ਸਨ ਜੋ ਆਪ ਦੇ ਪਲੇ ਨਾਲ ਅੜ ਕੇ ਇਕ ਫੁਲ ਟੁਟ ਗਿਆ। ਉਸ ਦਿਨ ਤੋਂ ਆਪ ਸਦਾ ਪੱਲਾ ਸਾਂਭ ਕੇ ਟੁਰਦੇ। ਆਪ ਤੋਂ ਪਿਛੋਂ ਗੁਰੂ ਹਰ ਕ੍ਰਿਸ਼ਨ ਜੀ ਗੱਦੀ ਦੇ ਵਾਰਸ ਹੋਏ ਅਤੇ ਆਪ ੩੧ ਸਾਲ ਉਮਰ ਭੋਗ ਕੇ ੧੭੧੮ ਬਿ: ਵਿਚ ਜੋਤੀ ਜੋਤ ਸਮਾ ਗਏ।

ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਦਾ ਜਨਮ ਮਾਤਾ ਕ੍ਰਿਸ਼ਨ ਕੌਰ ਦੀ ਕੁਖੋਂ ੧੭੧੩ ਬਿ: ਵਿਚ ਹੋਇਆ। ਆਪ ੫ ਸਾਲ ਦੀ ਉਮਰ ਵਿਚ ਗੁਰ ਗੱਦੀ ਤੇ ਬੈਠੇ ਅਤੇ ਬਾਲ ਅਵਸਥਾ ਵਿਚ ਹੀ ੧੭੨੧ ਬਿ: ਵਿਚ ਜੋਤੀ ਜੋਤ ਸਮਾ ਗਏ।