ਪੰਨਾ:ਪੰਜਾਬ ਦੇ ਹੀਰੇ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ ਬੰਧ

ਉਸ ਕਰਤਾਪੁਰਖ ਦੇ ਨਾਮ ਨਾਲ ਅਰੰਭ ਕਰਦਾ ਹਾਂ, ਜੋ ਜ਼ਬਾਨਾਂ ਨੂੰ ਸਾਜਣ ਵਾਲਾ ਅਤੇ ਆਦਮ ਨੂੰ ਵਾਕ ਸ਼ਕਤੀ ਤੇ ਉਸ ਨੂੰ ਸਮਝਣ ਦਾ ਗਿਆਨ ਦੇਣ ਵਾਲਾ ਹੈ, ਜਿਸ ਨੇ ਸੰਸਾਰ ਨੂੰ ਰੰਗਾ ਰੰਗ ਦੇ ਸੁਹਜ ਦੇ ਕੇ ਸੁਹਾਵਣਾ ਬਣਾਇਆ, ਜਿਵੇਂ ਇਕ ਮਾਲੀ ਆਪਣੇ ਬਾਗ਼ ਦੇ ਗੋਸ਼ੇ ਗੋਸ਼ੇ ਨੂੰ ਦਿਲਫਰੇਬ ਬਣਾਉਣ ਵਾਸਤੇ ਭਾਂਤ ਭਾਂਤ ਦੇ ਰੰਗ ਤੇ ਮਹਿਕਾਂ ਨਾਲ ਭਰਪੂਰ ਫੁੱਲ ਥਾਂ ਥਾਂ ਤੇ ਉਗਾਉਂਦਾ ਹੈ। ਉਹ ਸਿਰਜਣ ਹਾਰ, ਜਿਸ ਨੇ ਆਦਮੀ ਨੂੰ ਦਿਮਾਗ ਦੀ ਸਹਾਇਤਾ ਨਾਲ ਬੋਲਣਾ, ਸੁਣਨਾ ਤੇ ਸਮਝਣਾ ਸਿਖਾਇਆ ਤੇ ਦੂਜੇ ਬੰਦਿਆਂ ਨਾਲ ਮਿਲ ਵਰਤ ਕੇ ਪ੍ਰੇਮ ਕਰਨ ਦੇ ਰਸਤੇ ਪਾਇਆ।

ਜ਼ਬਾਨ ਦਾ ਆਰੰਭ

ਹਿੰਦੁਸਤਾਨ ਦੀ ਪਰਮ ਪੁਰਾਤਨ ਬੋਲੀ ਜੋ ਲਿਖਣ ਤੇ ਬੋਲਣ ਵਿਚ ਆਈ, ਵੇਦਾਂ ਦੀ ਭਾਸ਼ਾ ਹੈ, ਇਸ ਤੋਂ ਅਗੇ ਉਪਨਿਸ਼ਦਾਂ ਦੀ ਬੋਲੀ ਹੈ ਤੇ ਇਸ ਦੇ ਬਾਦ ਰਾਮਾਇਣ। ਬਾਲਮੀਕ ਦੀ ਸੰਸਕ੍ਰਿਤ ਸਮੇਂ ਦੇ ਹੇਰ ਫੇਰ ਅਤੇ ਘਟਨਾਵਾਂ ਦੀ ਅਦਲਾ ਬਦਲੀ ਦੇ ਨਾਲ ਨਾਲ ਬੋਲੀ ਵਿਚ ਭੀ ਵਟਾ ਸਟਾ ਹੁੰਦਾ ਰਿਹਾ। ਸਮਾਂ ਜਿਉਂ ਜਿਉਂ ਉੱਨਤੀ ਕਰਦਾ ਗਿਆ, ਜ਼ਬਾਨ ਵਧਦੀ ਤੇ ਸਾਫ ਹੁੰਦੀ ਗਈ। ਅਸ਼ੋਕ ਅਤੇ ਬੁਧ ਮਹਾਰਾਜ ਦੇ ਕਾਲ ਵਿਚ ਪਾਲੀ ਜ਼ਬਾਨ ਨੇ ਜ਼ੋਰ ਫੜਿਆ ਅਤੇ ਸੰਸਕ੍ਰਿਤ ਦੇ ਬਾਦ ਪਾਕ੍ਰਿਤ ਦਾ ਦੌਰ ਹੋਇਆ। ਪ੍ਰਾਕ੍ਰਿਤ ਸੰਸਕ੍ਰਿਤ ਦਾ ਹੀ ਇਕ ਰੂਪ ਸੀ। ਪੰਡਿਤ ਤੇ ਵਿਦਵਾਨ ਲੋਕ ਸੰਸਕ੍ਰਿਤ ਲਿਖਦੇ ਬੋਲਦੇ ਸਨ ਪਰ ਆਮ ਲੋਕ ਪ੍ਰਾਕ੍ਰਿਤ ਨੂੰ ਵਰਤਦੇ ਸਨ। ਇਨ੍ਹਾਂ ਦੋਹਾਂ ਦਾ ਫਰਕ ਤੇ ਵਰਤਾਉ ਕਵੀ ਕਾਲੀ ਦਾਸ ਦੇ ਸ਼ਕੁੰਤਲਾ ਆਦਿ ਡਰਾਮਿਆਂ ਵਿਚੋਂ ਪ੍ਰਤਖ ਮਿਲਦਾ ਹੈ। ਪ੍ਰਾਕ੍ਰਿਤ ਦਾ ਰਿਵਾਜ ਮਹਾਭਾਰਤ ਕਾਲ ਦੇ ਨਾਲ ਯਾ ਉਸ ਤੋਂ ਕੁਝ ਚਿਰ ਬਾਦ ਹੋਇਆ। ਇਸ ਨੂੰ ਭੀ ਸਮੇਂ ਦੇ ਲੰਮੇ ਗੇੜ ਨੇ ਕਾਇਮ ਨਾ ਰਹਿਣ ਦਿਤਾ। ਇਕ ਅਜੇਹਾ ਪਰਿਵਰਤਨ ਹੋਇਆ, ਕਿ ਸੰਸਕ੍ਰਿਤ-ਪ੍ਰਾਕ੍ਰਿਤ ਦੇ ਮੇਲ ਜੋਲ ਨੇ ਹਿੰਦੀ ਬੋਲੀ ਨੂੰ ਜਨਮ ਦਿਤਾ ਜੋ ਪੰਜਾਬ ਤੇ ਉਸ ਦੇ ਆਸ ਪਾਸ ਵਰਤੀ ਜਾਂਦੀ ਰਹੀ।

ਪੰਜਾਬੀ ਦਾ ਆਰੰਭ

ਪੰਜਾਬ ਦਾ ਸੰਸਕ੍ਰਿਤੀ ਨਾਮ "ਪੰਚ ਨਾਦ" ਹੈ,ਇਸ ਦਾ ਨਾਮ ਸਪਤ ਸਿੰਧੂ ਭੀ ਪੈ ਗਿਆ,ਜਦੋਂ ਸ਼ਾਇਦ ਪੰਜਾਂ ਦਰਿਆਵਾਂ ਦੇ ਦੁਪਾਸੇ ਜਮਨਾ ਅਤੇ ਅਟਕ ਨੂੰ ਭੀ ਨਾਲ ਜੋੜ ਲਿਆ ਗਿਆ ਸੀ। ਇਸ ਦਾ ਨਾਮ "ਪੰਜਾਬ" ਉਸ ਵੇਲੇ ਪਿਆ, ਜਦ ਮੁਸਲਮਾਨਾਂ ਨੇ ਇਸ ਤੇ ਪੈਰ ਪਾਇਆ। ਪੰਚਨਦ ਤੋਂ ਉਨ੍ਹਾਂ ਨੇ ਪੰਜ-ਆਬ ਬਣਾ ਲਿਆ ਜੋ ਉਨ੍ਹਾਂ ਦੀ ਬੋਲੀ ਤੇ ਸੁਭਾਉ ਦੇ ਅਨੁਕੂਲ ਸੀ। ਮੁਸਲਮਾਨ ਹਿੰਦੁਸਤਾਨ

-੧-