ਪੰਨਾ:ਪੰਜਾਬ ਦੇ ਹੀਰੇ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)


ਓਸੇ ਤਰਾਂ ਸਣੇ ਖਫਣ ਆਪ ਨਾਲ ਤੁਰ ਪਿਆ। ਲੋਕ ਇਹ ਕੌਤਕ ਵੇਖ ਕੇ ਹੈਰਾਨ ਰਹਿ ਗਏ।

ਆਪ ਬਾਬਤ ਇਕ ਹੋਰ ਰਵਾਇਤ ਹੈ ਕਿ ਇਕ ਵਾਰੀ ਕਿਸੇ ਛਾਬੜੀ ਵਾਲੇ ਨੇ ਆਪ ਨੂੰ ਆਖਿਆ ਕਿ ਸ਼ਾਹ ਜੀ, ਮੇਰੇ ਏਨਾਂ ਖਰਬੂਆਂ ਦਾ ਧਿਆਨ ਰਖਣਾ, ਮੈਂ ਹੁਣੇ ਆਉਂਦਾ ਹਾਂ। ਆਪ ਬੈਠ ਗਏ ਅਤੇ ਮਸਤਾਨੀ ਲੈ ਵਿੱਚ ਅਵਾਜ਼ ਦੇਣ ਲਗੇ, ਟਕੇ ੨ ਖਰਬੂਜ਼ਾ ਨਾਲੇ ਪੁੱਤ੍ਰ। ਭਾਵ ਦੋ ਪੈਸੇ ਦਾ ਖਰਬੂਜ਼ਾ ਸਣੇ ਪੁਤ੍ਰ। ਕਹਿੰਦੇ ਹਨ, ਉਹ ਖਰਬੂਜ਼ੇ ਜਿਨ੍ਹਾਂ ਤੀਵੀਆਂ ਨੇ ਲਏ, ਸਭ ਦੇ ਘਰ ਪੁਤ੍ਰ ਹੋਏ।

ਆਪ ਦੇ ਕਮਾਲਾਤ ਅਤੇ ਕਰਾਮਾਤ ਦੀਆਂ ਸੈਂਕੜੇ ਕਹਾਣੀਆਂ ਉਘੀਆਂ ਹਨ।

ਆਪ ਦੇ ਸਮਕਾਲੀਆਂ ਵਿਚੋਂ ਗੁਰੂ ਅਰਜਨ ਦੇਵ ਜੀ ਅਤੇ ਛਜੂ ਭਗਤ ਕਾਬਲਿ ਜ਼ਿਕਰ ਹਨ।

ਆਪ ਪੰਜਾਬੀ ਵਿੱਚ ਕਾਫੀਆਂ ਲਿਖਣ ਤੋਂ ਛੁਟ ਫ਼ਾਰਸੀ ਵਿੱਚ ਵੀ ਸ਼ੇਅਰ ਕਹਿੰਦੇ ਰਹੇ ਪਰ ਕਾਫ਼ੀਆਂ ਜ਼ਿਆਦਾ ਉਘੀਆਂ ਹਨ ਆਪ ਨੇ ਦਸ ਸਾਲ ਦੀ ਉਮਰ ਵਿੱਚ ਪੀਰ ਕਮਾਲ ਪਾਇਆ। ੨੬ ਸਾਲ ਦੀ ਉਮਰ ਤਕ ਤਪ ਅਤੇ ਭਗਤੀ ਵਿੱਚ ਲੱਗੇ ਰਹੇ। ਇਸ ਪਿਛੋਂ ੨੭ ਸਾਲ ਹਿੰਦ ਅਤੇ ਮਸਤਾਨੇ ਰਹਿ ਕੇ ੬੩ ਸਾਲ ਦੀ ਉਮਰ ਭੋਗ ਕੇ ੧੦੦੮ ਹਿ: ਵਿੱਚ ਕੂਚ ਕਰ ਗਏ।

ਕਹਿੰਦੇ ਹਨ, ਆਪ ਆਪਣੇ ਮੁਰੀਦਾਂ ਅਤੇ ਮਿਤ੍ਰਾਂ ਸਣੇ ਦਰਯਾ ਰਵੀ ਦੀ ਸੈਰ ਨੂੰ ਆਏ, ਥੇੜੀ ਵਿੱਚ ਸਵਾਰ ਸਨ ਕਿ ਆਪ ਨੇ ਫਰਮਾਇਆ ਕਿ ਜੇ ਕਿਸੇ ਦਾ ਮਿਤ੍ਰ ਆਪਣੇ ਪਿਆਰੇ ਨੂੰ ਬੁਲਾਵੇ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ? ਉਨ੍ਹਾਂ ਉਤ੍ਰ ਦਿਤਾ, ਫੌਰਨ ਜਾਣਾ ਚਾਹੀਦਾ ਹੈ। ਇਸ ਉਤੇ ਆਪ ਨੇ ਫਰਮਾਇਆ ਕਿ ਮੇਰਾ ਮਿਤ੍ਰ ਰਬ ਮੈਨੂੰ ਬੁਲਾ ਰਿਹਾ ਹੈ। ਇਹ ਕਹਿ ਕੇ ਬੇੜੀ ਤੋਂ ਉਤਰੇ ਅਤੇ ਕੰਢੇ ਉਤੇ ਆ ਗਏ। ਆਪ ਚਾਦਰ ਲੈ ਕੇ ਲੇਟ ਗਏ । ਸਾਥੀਆਂ ਨੇ ਉਤਰ ਕੇ ਵੇਖਿਆ ਤਾਂ ਆਪ ਦੀ ਰੂਹ ਸਰੀਰ ਨੂੰ ਛੱਡ ਚੁਕੀ ਸੀ । ਉਨ੍ਹਾਂ ਨੇ ਸਬਰ ਕਰ ਕੇ ਆਪ ਨੂੰ ਆਪ ਦੀ ਨਯਤ ਕੀਤੀ ਥਾਂ ਉਤੇ ਦਰਯਾ ਰਾਵੀ ਦੇ ਕੰਢੇ ਦਫਨਾ ਦਿਤਾ।

ਲਗਭਗ ਬਾਰਾਂ ਸਾਲ ਪਿਛੋਂ ਦਰਯਾ ਰਾਵੀ ਵਿਚ ਹੜ ਆਇਆ, ਜਿਸ ਕਰ ਕੇ ਆਪ ਦੀ ਕਬਰ ਵਿਚ ਸ਼ਿਗਾਫ਼ ਆ ਗਿਆ। ਆਪ ਦੇ ਮਿਤ੍ਰਾਂ ਨੇ ਚਾਹਿਆ ਕਿ ਲਾਸ਼ ਨੂੰ ਏਥੋਂ ਚੁਕ ਕੇ ਬਾਗਬਾਨ ਦੇ ਵਿੱਚ ਦਫਨ ਕਰ ਦਿਤਾ ਜਾਵ, ਪਰ ਜਦ ਕਬਰ ਪੁੱਟੀ ਤਾਂ ਲੋਕੀ ਲਾਸ਼ ਨਾ ਵੇਖ ਕੇ ਹੈਰਾਨ ਰਹਿ ਗਏ । ਇਸ ਉਤੇ ਮੁਹੰਮਦ ਸਾਲੇਹ ਮਜ਼ਾਵਰ ਨੇ ਆਖਿਆ ਕਿ ਮੈਨੂੰ ਇਹ ਗਿਆਨ ਹੋਇਆ ਹੈ ਕਿ ਕਬਰ ਵਿੱਚ ਲਾਸ਼ ਦੀ ਥਾਂ ਗੁਲਦਸਤਾ ਮੌਜੂਦ ਹੈ। ਉਸ ਨੂੰ ਲੈ ਜਾ ਕੇ ਉਥੇ ਦਬ ਦਿੱਤਾ ਜਾਏ । ਜਦ ਕਬਰ ਨੂੰ ਚੰਗੀ ਤਰ੍ਹਾਂ ਪੁਟਿਆ ਗਿਆ ਤਾਂ ਸਚਮੁਚ ਉਸ ਵਿਚੋਂ ਗੁਲਦਸਤਾ ਮਿਲ ਗਿਆ ਜਿਸ ਨੂੰ ਦੋਬਾਰਾ ਨਿਮਾਜ਼ ਜਨਾਜ਼ਾ ਪੜ੍ਹ ਕੇ ਮੌਜੂਦਾ ਮਜ਼ਾਰ ਵਿੱਚ ਦਫਨ ਕੀਤਾ ਗਿਆ।

ਸ਼ਾਹ ਹੁਸੈਨ ਦੇ ਚਲਾਣੇ ਪਿਛੋਂ ਮਾਧੋ ਲਾਲ ਮਜ਼ਾਵਰ ਦੀ ਹੈਸੀਅਤ ਵਿੱਚ ਰਹੇ। ਅੰਤ ੮੪ ਸਾਲ ਦੀ ਲੰਮੀ ਜੁਦਾਈ ਪਿਛੋਂ ਆਪਣੇ ਪਿਆਰੇ ਨਾਲ ਜਾ ਰਲੇ ਅਤੇ ਉਨ੍ਹਾਂ ਨੂੰ ਆਪ ਦੇ ਮਜ਼ਾਰ ਦੇ ਕੋਲ ਦਫਨ ਕੀਤਾ ਗਿਆ।

ਕਹਿੰਦੇ ਹਨ ਕਿ ਇਕ ਵਾਰੀ ਸ਼ਾਹ ਹੁਸੈਨ ਨੇ ਮਾਧੋ ਲਾਲ ਨੂੰ ਆਖਿਆ ਸੀ ਕਿ