ਪੰਨਾ:ਪੰਜਾਬ ਦੇ ਹੀਰੇ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

ਪਾਤਸ਼ਾਹੀ ਜੋ ਅਕਬਰ ਸੰਦੀ ਦਿਨ ਦਿਨ ਚੜ੍ਹੇ ਸੁਵਾਏ
ਆਖ ਦਮੋਦਰ ਦੇ ਅਸੀਸਾਂ ਸ਼ਹਿਰੋਂ ਬਾਹਰ ਆਏ

ਮਾਲੂਮ ਹੁੰਦਾ ਹੈ ਕਿ ਕਾਤਬ ਨੇ ਗਲਤੀ ਨਾਲ ਸੋਲਾਂ ਸੌ ਉੱਨਤਰੀ (੧੬੨੯) ਦੀ ਥਾਂ ਪੰਦਰਾਂ ਸੌ ਉੱਨਤਰੀ ਲਿਖ ਦਿਤਾ ਹੈ।

ਅਕਬਰ ਸਵਾ ਤੇਰ੍ਹਾਂ ਸਾਲ ਦੀ ਉਮਰ ਵਿਚ ੧੫੫੬ ਈ: ਮੁਤਾਬਕ ੧੬੧੩ ਬਿ: ਵਿਚ ਤਖ਼ਤ ਤੇ ਬੈਠਦਾ ਹੈ ਅਤੇ ੪੯ ਸਾਲ ਹਕੂਮਤ ਕਰਨ ਉਪ੍ਰੰਤ ੧੬੦੫ ਈ: ਮੁਤਾਬਕ ੧੬੬੨ ਬਿ: ਵਿਚ ਕੂਚ ਕਰਦਾ ਹੈ। ਇਸ ਹਿਸਾਬ ੧੬੨੯ ਬਿ: ਠੀਕ ਹੋ ਸਕਦਾ ਹੈ ਅਤੇ ਇਹ ਹੀ ਸੰਨ ਠੀਕ ਨਜ਼ਰ ਆਉਂਦਾ ਹੈ ਕਿਉਂ ਜੋ ਉਸ ਸਮੇਂ ਅਕਬਰ ਦਾ ਰਾਜ ਚੜ੍ਹਦੀਆਂ ਕਲਾਂ ਵਿਚ ਸੀ। ਕਵੀ ਬਾਰ ੨ ਅਕਬਰ ਦੀ ਉਪਮਾਂ ਕਰਦਾ ਲਿਖਦਾ ਹੈ:-ਪਾਤਸ਼ਾਹੀ ਜੋ ਅਕਬਰ ਸੰਦੀ ਦਿਨ ਦਿਨ ਚੜ੍ਹੇ ਸਵਾਏ।

ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਆਸ਼ਕਾਂ ਮਸ਼ੂਕਾਂ ਦਾ ਜ਼ਿਕਰ ਕਰਦਿਆਂ ਹੀਰ ਰਾਂਝੇ ਦਾ ਨਾਮ ਵੀ ਵਰਤਿਆ ਹੈ। ਭਾਈ ਗੁਰਦਾਸ ਦਾ ਵੇਲਾ ੧੬੬੧ ਈ: ਦਾ ਹੈ। ਇਸ ਤੋਂ ਭੀ ਇਹੋ ਸਾਬਤ ਹੁੰਦਾ ਹੈ ਕਿ ਦਮੋਦਰ ਭਾਈ ਗੁਰਦਾਸ ਤੋਂ ਪੁਰਾਣਾ ਸੀ।

ਦਮੋਦਰ ਦੀ ਬੋਲੀ ਵਿਚ ਬਾਰ ਦੇ ਜਾਂਗਲੀਆਂ ਦੇ ਬਹੁਤ ਸਾਰੇ ਪਦ ਮਿਲਦੇ ਹਨ ਜਿਵੇਂ-ਬਾਰਾਂ ਵਰ੍ਹਿਆਂ ਦੀ ਛੋਹਰ ਹੋਈ ਤਾਂ ਰਾਂਝੇ ਅੱਖੀਂ ਲਾਈਆਂ।

ਖੇੜਿਆਂ ਦੀ ਜੰਞ ਅਤੇ ਮਿਲਣੀ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ:-

ਖਾਣਾ ਖਾ ਤਿਆਰੀ ਕੀਤੀ ਘਿਨੁਣ ਤਿਸਾਊਂ ਆਏ
ਮਿਲਣ ਮੁਹੱਬਤ ਨਾਲ ਹਸ ਕਰ ਕੇ ਹਿਕ ਮਿਲਾਏ
ਸੂਰਤ ਸ਼ਕਲ ਬਹੁੰ ਚਤਰਾਈ ਮਾਵਾਂ ਪੁਤ੍ਰ ਕਿਹਾ ਜਾਏ
ਆਖ ਦਮੋਦਰ ਚੰਦ ਸੂਰਜ ਦੋ ਜਨ ਜਾਲੀ ਆਨ ਫਹਾਏ

ਹੀਰ ਆਪਣੇ ਪ੍ਰੇਮ ਦਾ ਹਾਲ ਇਉਂ ਵਰਨਣ ਕਰਦੀ ਹੈ:-

ਨਾ ਕੋਈ ਆਖੇ ਹੀਰੇ ਮੈਨੂੰ ਨਾ ਕਹੁ ਕੋਈ ਸਲੇਟੀ
ਜਾਤ ਸਨਾਤ ਪਛਾਣੋ ਨਾਹੀਂ, ਮੈਂ ਚਾਕੇ ਨਾਲ ਚਕੋਟੀ
ਕਿਦਨ ਚੂਚਕ ਮਾਂ ਪਿਉ ਮੈਂਡਾ ਮੈਂ ਕਦ ਇਨ੍ਹਾਂ ਦੀ ਬੇਟੀ
ਵਾਵਨ ਆਏ ਲਗੀ ਲੜ ਤੈਂਡੇ ਜੇ ਪਵਾਂ ਕਬੂਲ ਜਟੇਟੀ

ਕੁੜੀਆਂ ਦੇ ਨਿਤ ਕਰਮ ਨੂੰ ਇਉਂ ਵਰਨਣ ਕਰਦੇ ਹਨ:-

ਤਾਂ ਪਹਿਲੇ ਪਹਿਰੇ ਕੁਲ ਆਤਨ, ਸਾਗ ਰੋਟੀ ਮਖਣ ਖਾਵੇ
ਦੂਜੇ ਪਹਿਰੇ ਪੀਂਘਾਂ ਤੇ ਪੀਂਘਣ ਘੁੰਘਣੀਆਂ ਨ ਘਿੰਨ ਆਵੇ
ਤੀਜੇ ਪਹਿਰੇ ਬੇਲੇ ਦੇ ਵਿੱਚ ਰੇਂਡੀ *ਖਖੜੀ ਖਾਵੇ *ਖਰਬੂਜ਼ਾ
ਚੌਥੇ ਪਹਿਰੋ ਬੇੜੀ ਦੇ ਵਿੱਚ ਆਤਨ ਛੋਡ ਚਨਾਵੇ

ਹੋਰ ਵੇਖੋ:-

ਖੂੰਡੀ ਤੇ ਹਥ ਵੰਝਲੀ ਲੀਤੀ, ਚਲਨ ਤੇ ਚਿਤ ਚਾਇਆ
ਚੀਰਾ ਲਾਲ ਤੇ ਉੱਚੀ ਅਮਰੀ ਲਕ ਨੀਲਾ ਖੇਸ ਬਨ੍ਹਾਇਆ