ਪੰਨਾ:ਪੰਥਕ ਪ੍ਰਵਾਨੇ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)



੧ਓ ਸਤਿਗੁਰ ਪ੍ਰਸਾਦਿ॥


ਪੰਥਕ ਪਰਵਾਨੇ


[ਬੇਨਤੀ]


ਗਲੇ ਪਾ ਪੱਲਾ ਮੁਖ ਘਾਹ ਲੈਕੇ,
ਆਇਆ ਪ੍ਰੀਤਮਾਂ ਆਸਰਾ ਧਾਰ ਤੇਰਾ।
ਖੁਲੇ ਸਦਾ ਬੂਹੇ ਥਾਂ ਨਿਥਾਵਿਆਂ ਦਾ,
ਵਰਤੇ ਨਿਤ ਅਤੁਟ ਭੰਡਾਰ ਤੇਰਾ।
ਮੰਗਲ ਲਗ ਰਹੇ ਨੇ ਅੰਦਰ ਜੰਗਲਾਂ ਦੇ,
ਮੋਂਹਦਾ ਮਨਾਂ ਨੂੰ ਰੱਬੀ ਦਰਬਾਰ ਤੇਰਾ।
ਸੋਭੇਂ ਤਖਤ ਸੁਨੈਹਿਰੀ ਤੇ ਕਲਗੀਆਂ ਲਾ,
ਪੌਂਦੇ ਦੇਵਤੇ ਆਨ ਦੀਦਾਰ ਤੇਰਾ।
ਉਜੜੇ ਦਿਲਾਂ ਉਤੇ ਖੇੜਾ ਆਂਵਦਾ ਏ,
ਅੰਮ੍ਰਿਤ ਬਚਨ ਸੁਣਕੇ ਠੰਡਾ ਠਾਰ ਤੇਰਾ।
ਖੋਟ ਕਢਕੇ ਕੱਚ ਨੂੰ ਕਰੇਂ ਕੰਚਨ,
ਨੂਰੀ ਨੇਤਰਾਂ ਦਾ ਇਕੋ ਵਾਰ ਤੇਰਾ।
ਤਾਰੇ ਚੰਨ ਸੂਰਜ ਤੇਰਾ ਭਰਨ ਪਾਣੀ,
ਹੈ ਅਟੱਲ ਸਭ ਤੇ ਉਪਕਾਰ ਤੇਰਾ।
ਤੂੰ ਨਹੀਂ ਰੀਝਦਾ ਕਦੇ ਗੁਮਾਨੀਆਂ ਤੇ,
ਬੇ-ਕਸ, ਆਜ਼ਜ਼ਾਂ ਨਾਲ ਪਿਆਰ ਤੇਰਾ।