ਪੰਨਾ:ਪੱਕੀ ਵੰਡ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਪੀਂਦਾ।"

ਬੁੱਢੇ ਨੇ ਨੜੀ ਸਹਾਰ ਧਾਰ ਕੱਢ ਹਟੀ ਔਰਤ ਨੂੰ ਕਿਹਾ, "ਦਾਰਾਂ? ਪੁੱਤਰ ਰੋਟੀ ਲਿਆਓ! ਚੌਧਰੀ ਆਇਆ ਏ।

ਦਾਰਾਂ ਨੇ ਮੱਝ ਥਲੇ ਕੱਟੀ ਛੱਡੀ ਅਤੇ ਟੋਕਣੀ ਦੁੱਧ ਦੀ ਚੁਲੇ ਨੇੜੇ ਰੱਖੀ ਅਤੇ ਹੱਥ ਧੋ ਰੋਟੀਆਂ ਚੋਪੜਨ ਲੱਗ ਪਈ। ਫਿਰ ਬੜੇ ਸੁਚੱਜੇ ਢੰਗ ਨਾਲ ਰੋਟੀ ਪਰੋਸ ਤਿੰਨਾਂ ਦੇ ਅੱਗੇ ਰੱਖ ਦਿੱਤੀ।

ਨਾਂਹ-ਨਾਂਹ ਕਰਦਿਆਂ ਵੀ ਨਵਾਬ ਨੂੰ ਘਿਓ ਵਿੱਚ ਤਰ ਬਤਰ ਰੋਟੀ ਖਾਣੀ ਪਈ। ਮਾਈ ਅੱਗੇ ਰੋਟੀ ਰੱਖ ਦਾਰਾਂ ਨੇ ਹਾਸ਼ਮ ਨੂੰ ਚੱਕ ਲਿਆ। ਦੋ ਵਾਰ ਲਾਡ ਨਾਲ ਉਛਾਲਿਆ ਅਤੇ ਫਿਰ ਗੋਦੀ ਵਿੱਚ ਲੈ ਥੋੜਾ ਹਟਵਾਂ ਬੈਠ ਗਈ।

ਫਿਰ ਮਾਝੇ ਦੁੱਧ ਦੇ ਭਰੇ ਛੰਨਿਆਂ ਨਾਲ ਇਧਰ ਉਧਰ ਦੀਆਂ ਗੱਲਾਂ ਚੱਲ ਪਈਆਂ। ਬੁੱਢੇ ਗੁੱਜਰ ਨੇ ਨਵਾਬ ਤੋਂ ਕੁਰੇਦ-ਕੁਰੇਦ ਸਾਰਾ ਕੁੱਝ ਪੁੱਛਿਆ ਅਤੇ ਨਵਾਬ ਨੇ ਜਦ ਆਪਣੀ ਵਿਥਿਆ ਸੁਣਾਈ ਤਾਂ ਸਾਰਾ ਗੁੱਜਰ ਪਰਿਵਾਰ ਹਮਦਰਦੀ ਅਤੇ ਤਰਸ ਨਾਲ ਭਰਿਆ ਪਿਆ ਸੀ।

"ਚੰਗਾ, ਭਲੇ ਲੋਕੋ, ਰਾਤ ਚੋਖੀ ਲੰਘ ਗਈ ਏ। ਕੋਈ ਡੰਗਰ ਈ ਨਾ ਖੁਲ੍ਹ ਜਾਵੇ। ਹੁਣ ਮੈਂ ਚਲਦਾ ਹਾਂ।" ਅਤੇ ਨਵਾਬ ਨੇ ਮੁੰਡਾ ਲੈਣ ਲਈ ਦਾਰਾਂ ਵਲ ਹੱਥ ਵਧਾਏ।

ਦਾਰਾਂ ਨੇ ਘੂਕ ਸੁੱਤੇ ਹਾਸ਼ਮ ਨੂੰ ਦੋ ਵਾਰੀ ਛਾਤੀ ਨਾਲ ਘੁੱਟਿਆ, ਚੁੰਮਿਆ ਅਤੇ ਫਿਰ ਬੇਦਿਲੀ ਨਾਲ ਬੱਚਾ ਨਵਾਬ ਦੇ ਹੱਥਾਂ ਤੇ ਰੱਖ ਦਿੱਤਾ। ਨਵਾਬ ਦੇ ਕੰਨਾਂ ਨੂੰ ਸਾਹਾਂ ਦੀ ਸਰਗੋਸ਼ੀ ਟਕਰਾਈ।

"ਇਹਨੂੰ ਰਾਤ ਮੇਰੇ ਕੋਲ ਹੀ ਰਹਿਣ ਦਿੰਦੇ।"

ਤੁਰਨ ਲੱਗਿਆਂ ਮਾਈ ਨੇ ਕਿਹਾ,"ਪੁੱਤਰ ਇਹ ਬੋਟ ਨਹੀਂ ਬਿਨਾਂ ਮਾਵਾਂ ਤੋਂ ਪਲਦੇ। ਕਿਤੇ ਕੋਈ ਚੰਗੀ ਥਾਂ ਲੱਭ ਕੇ ਇਹਨੂੰ ਮਾਂ ਦੀ ਗੋਦੀ ਦਾ ਨਿੱਘ ਦੇ।"

ਪਰ ਨਵਾਬ ਇਹ ਕਹਿੰਦਾ-ਕਹਿੰਦਾ ਤੁਰ ਪਿਆ, "ਮਾਂ ਜੀ, ਇਕ ਧੱਕਾ ਖਾ ਬੈਨਾਂ। ਕੀ ਪਤਾ ਕੋਈ ਇਹੋ ਜਿਹੀ ਮਿਲੇ ਕਿ ਅਗਲੇ ਹਾਲੋਂ ਵੀ ਜਾਵਾਂ।"

106