ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਉਹ ਹਨੇਰੀ ਰਾਤ ਵਿਚ ਡੇਰਿਓਂ ਬਾਹਰ ਨਿਕਲ ਆਇਆ। ਉਸ ਚਾਦਰ ਦੀ ਬੁੱਕਲ ਵਿੱਚ ਹਾਸ਼ਮ ਨੂੰ ਲਪੇਟ ਸੀਨੇ ਨਾਲ ਲਾਇਆ। ਪਰ ਪਤਾ ਨਹੀਂ ਕੀ ਉਹਦੇ ਹੱਥਾਂ ਵਿੱਚ ਕੰਡੇ ਸਨ। ਹਾਸ਼ਮ ਫਿਰ ਟਿਆਂਕ ਪਿਆ। ਉਸ ਝੁੱਗੀ ਵਿੱਚ ਆ ਦੀਵਾ ਲਾਇਆ ਅਤੇ ਦੁੱਧ ਕੋਸਾ ਕੀਤਾ ਅਤੇ ਤੋਤਲੀ ਜ਼ਬਾਨ ਨਾਲ ਤੋਤਕੜੇ ਗਾਏ। ਪਰ ਰਾਤ ਅੱਧੀ ਹੋ ਗਈ। ਰੋਂਦੇ ਬਾਲ ਦੀਆਂ ਘਗਾਂ ਬੈਠ ਗਈਆਂ। ਰਗਾਂ ਖੁਸ਼ਕ ਪਰ ਲਾਲ ਹੋ ਗਈਆਂ। ਲਾਲ ਹੋਂਠ ਪੀਲੇ ਕਾਲੇ ਹੋਣ ਲੱਗ ਪਏ।

ਨਵਾਬ ਦੀ ਮਾਨਸਿਕ ਪੀੜ ਪਿੜ ਬੰਨ ਖਲੋਤੀ। ਉਬਾਲ ਉੱਠਿਆ, ਡੇਰੇ ਦਾਰਾ ਕੋਲ ਲੈ ਜਾਵਾਂ। ਪਰ ਕੀ ਚੰਗਾ ਲੱਗਾਂਗਾ? ਉਹ ਕੀ ਸੋਚਣਗੇ? ਉਹ ਤਾਂ ਪਹਿਲਾਂ ਹੀ ਅਹਿਸਾਨ ਥੱਲੇ ਦੱਬਿਆ ਗਿਆ ਸੀ। ਪਰ ਫੁੱਲ ਤਾਂ ਪਲੋ ਪਲ ਮੁਰਝਾ ਰਿਹਾ ਸੀ। ਕਿਤੇ ਪਾਣੀ ਦੀ ਪਿਆਸ ਨਾ ਹੋਵੇ?' ਘੜੇ ਨੂੰ ਹੱਥ ਲਾਇਆ। ਸੁੱਕਾ ਕਪਾਹ ਪਾਨ ਜੋਗਾ ਹੋਇਆ ਪਿਆ ਸੀ। ਖੂਹ ਤੋਂ ਟਿੰਡ ਭਰ ਲਿਆਵਾਂ। ਟਿਆਂਕਦਾ ਬਾਲ ਮੰਜੇ ਤੇ ਲਿਟਾ ਉਹ ਪਾਣੀ ਲੈਣ ਹਨੇਰੇ ਵਿੱਚ ਖੂਹ ਨੂੰ ਹੋ ਤੁਰਿਆ। ਪਾਣੀ ਦੀ ਟਿੰਡ ਭਰਕੇ ਕੱਢੀ। ਜਦ ਮੁੜਕੇ ਕੁਲੀ ਨੇੜੇ ਆਇਆ ਤਾਂ ਬਾਲ ਦੀ ਅਵਾਜ ਨਾ ਆਈ। ਜਾਹ ਜਾਂਦੀਏ! ਲੱਤਾਂ ਫੁੱਲ ਗਈਆਂ। ਦਿਲ ਫੱਟੜ ਪੱਛੀ ਵਾਂਗ ਫੜਕਿਆ। ਅੱਖਾਂ ਅੱਗੇ ਹਨੇਰਾ ਹੋ ਗਿਆ। ਕੀ ਵੇਖਾਂਗਾ? ਪਿੱਛੇ ਮੁੜਾਂ ਤੇ ਖੂਹ ਵਿੱਚ ਛਾਲ ਮਾਰ ਮਰਾਂ ਅਤੇ ਆਪਣੇ ਦੁੱਖਾਂ ਦਾ ਅੰਤ ਕਰ ਲਵਾਂ। ਮੁੜ ਪਿਆ। ਚਾਰ ਕਦਮ ਪੁੱਟੇ। ਖੜਕਦੇ ਬਰਤਨ ਦੀ ਆਵਾਜ ਆਈ। ਪਿੱਛੇ ਕੰਨ ਲਾਇਆ। ਕੋਈ ਬਿੜਕ ਨਾ ਹੋਈ। ਵੇਖ ਤਾਂ ਲਵਾਂ। ਹੌਂਸਲਾ ਕਰ ਮੁੜ ਪਿਆ। ਝਗੀ ਦੇ ਬੂਹੇ ਵਿਚ ਆਇਆ। ਬੂਹੇ ਵਿਚ ਹੀ ਪੈਰ ਜਕੜੇ ਗਏ। ਅੱਖਾਂ ਵੱਡੀਆਂ ਹੀ ਰਹਿ ਗਈਆਂ। ਖੁਸ਼ੀ ਤੇ ਹੈਰਾਨੀ ਕੀ ਮੈਂ ਖਾਬ ਵਿਚ ਤਾਂ ਨਹੀਂ? ਦਾਰਾਂ ਪੀੜੀ ਤੇ ਬੈਠੀ ਸੀ ਅਤੇ ਹਾਸ਼ਮ ਉਹਦੀ ਗੋਦੀ ਵਿਚ ਗਟਕ ਰਿਹਾ ਸੀ। ਉਸ ਤਾਲ ਨਾਲ ਚਿਪਕੀ ਜਬਾਨ ਪੂਰੀ ਹਿੰਮਤ ਨਾਲ ਲਾਹੀ। ਥੱਕ ਨਿਗਲ ਸੰਘ ਤਰ ਕੀਤਾ।

107