ਪੰਨਾ:ਪੱਕੀ ਵੰਡ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਸਤਿਕਾਰਯੋਗ ਤੇ ਆਗੂ ਵਿਅਕਤੀ ਦਾ ਰੁਤਬਾ ਹਾਸਲ ਹੁੰਦਾ ਹੈ। ਨਰੈਣੇ ਵਰਗੇ ਲੋਕਾਂ ਦੀਆਂ ਬਦਖੋਈਆਂ ਦੀ ਉਹਨੂੰ ਰਤਾ ਪ੍ਰਵਾਹ ਨਹੀਂ। ਬਦਲਾਖੋਰੀ ਰੰਚ ਮਾਤਰ ਨਹੀਂ।

ਵੰਡ ਦੇ ਤੁਰੰਤ ਬਾਅਦ ਨਫਰਤਾਂ ਦੇ ਲੂਸੇ ਜ਼ਜਬੇ ਮੋਹ ਮੁਹੱਬਤ ਦੇ ਕਿੰਨੇ ਪਿਆਸੇ ਸਨ ਇਸ ਤੱਥ ਦੀ ਬਹੁਤ ਸਮਰੱਥ ਚਿੱਤਰਕਾਰੀ ‘ਐਕਸੀਡੈਂਟ’ ਵਿਚ ਹੋਈ ਹੈ। ਮੋਹਨ ਸਰਦਾਰੀ ਲਾਲ ਅਤੇ ਸ਼ੀਲਾ ਦੇ ਪਿਆਰ ਦਾ ਅੰਤਾਂ ਦਾ ਰਿਣੀ ਹੈ। ਸ਼ੀਲਾ ਉਸਨੂੰ ਆਪਣਾ ਜੀਵਨ ਸਾਥੀ ਬਣਾਉਣਾ ਲੋਚਦੀ ਹੈ, ਉਧਰ ਸਰਦਾਰੀ ਲਾਲ ਆਪਣੀ ਲੜਕੀ ਲਈ ਉਸਨੂੰ ਵਰਨਾ ਚਾਹੁੰਦਾ ਹੈ। ਕਹਾਣੀ ਵਿਚ ਪੇਸ਼ ਉਸਦੀ ਦੋਚਿੱਤੀ ਐਸੇ ਭਲੇ ਇਨਸਾਨ ਦੀ ਦੋਚਿੱਤੀ ਹੈ ਜਿਹੜਾ ਸਭਨਾਂ ਲਈ ਖੁਸ਼ੀਆਂ ਬਖੇਰਨਾ ਚਾਹੁੰਦਾ ਹੈ ਅਤੇ ਠੇਸ ਕਿਸੇ ਨੂੰ ਵੀ ਨਹੀਂ ਪਹੁੰਚਾ ਸਕਦਾ। ਇਸ ਨਵੇਂ ਇਨਸਾਨ ਨੂੰ ਨਰੂਲੇ ਦੀ ਹਰੇਕ ਕਹਾਣੀ ਉਭਾਰਦੀ ਹੈ, ਜਿਸਦਾ ਵਿਗਸਣਾ ਵੱਡੀ ਲੋੜਾਂ ਦੀ ਲੋੜ ਹੈ ਜੇ ਜੀਵਨ ਨੇ ਜਾਰੀ ਰਹਿਣਾ ਹੈ ਤਾਂ।

ਨਰੂਲੇ ਦੀ ਹਰੇਕ ਕਹਾਣੀ ਇਕ ਰਵਾਇਤੀ ਜਿਹੇ ਲਗਦੇ ਬਾਹਰੀ ਚੌਖਟੇ ਦੀ ਧਾਰਨੀ ਹੁੰਦੀ ਹੈ ਪਰ ਕਿਤੇ ਵੀ ਇਹ ਚੌਖਟੇ ਕਹਾਣੀਆਂ ਦੀ ਅਮੀਰ ਅੰਤਰਵਸਤ ਦੇ ਵਿਕਾਸ ਵਿਚ ਆੜੇ ਨਹੀਂ ਆਉਂਦੇ।

‘ਅਧਿਕਾਰ’ ਵਿਚ ਨਵਾਬ ਬੇਗਮ ਭਾਵੇਂ ਆਪ ਅਣਜੋੜ ਵਿਆਹ ਦਾ ਸੰਤਾਪ ਝੱਲ ਚੁੱਕੀ ਹੈ ਅਤੇ ਆਪਣੀ ਪਹਿਲਕਦਮੀ ਨਾਲ ਉਸ ਜਿਲ਼ਣ ਵਿਚੋਂ ਨਿਕਲ ਅੱਬੂ ਨਾਲ ਵਿਆਹ ਕਰਾ ਨਵੇਂ ਜੀਵਨ ਦੀ ਉਸਾਰੀ ਕਰਦੀ ਹੈ ਪਰ ਆਪਣੀ ਧੀ ਦੇ ਵਿਆਹ ਦੇ ਸੰਬੰਧ ਵਿਚ ਉਹੀ ਗਲਤੀ ਕਰ ਬੈਠਦੀ ਹੈ ਜਿਹੜੀ ਉਹਦੇ ਮਾਂ-ਪਿਆਂ ਨੇ ਉਸ ਦੇ ਸੰਬੰਧ ਵਿਚ ਕੀਤੀ ਸੀ। ਸ਼ੈਹਨਾਜ਼ ਵੀ ਸਮੇਂ ਸਿਰ ਬਗਾਵਤ ਨਹੀਂ ਕੋਰਦੀ ਅਤੇ ਅਫਲਾਤੂਨੀ ਪਿਆਰ ਫਲਸਫੇ ਦੀਆਂ ਹਵਾਈਆਂ ਵਿਚ ਉਲਝੀ ਆਪਣੀ ਜ਼ਿੰਦਗੀ ਨੂੰ ਬਰਬਾਦੀ ਦੇ ਮੂੰਹ ਧੱਕ ਬੈਠਦੀ ਹੈ। ਬਾਅਦ ਵਿਚ ਉਹ ਵੀ ਮਾਂ ਵਾਂਗ ਹੀ ਬਗਾਵਤ ਕਰਦੀ ਹੈ ਅਤੇ ਆਪਣੇ ਪ੍ਰੇਮੀ ਸਲੀਮ ਨੂੰ ਪਾ ਲੈਣ ਵਿਚ ਸਫਲ ਹੋ ਜਾਂਦੀ ਹੈ।

11