ਪੰਨਾ:ਪੱਕੀ ਵੰਡ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਕਾਹ ਕੀਤਾ ਅਤੇ ਅਗਲੀ ਸਵੇਰ ਦੋਹਾਂ ਨੇ ਆ ਕੇ ਪਿੰਡ ਵਾਲੇ ਮਕਾਨ ਦਾ ਚਿਰਾਂ ਤੋਂ ਲੱਗਾ ਜਿੰਦਰਾ ਖੋਲਿਆ ਜਦ ਹਾਸ਼ਮ ਦਾਰਾਂ ਦੀ ਗੋਦੀ ਵਿੱਚ ਸੀ।

ਸਰਦਾਰ ਬੇਗਮ ਨੇ ਆਪਣੇ ਸਾਊਪੁਣੇ ਅਤੇ ਮਿੱਠੀ ਜੁਬਾਨ ਨਾਲ ਹਰ ਇੱਕ ਮਨ ਨੂੰ ਮੋਹ ਲਿਆ। ਦੋਹਾਂ ਨੇ ਰਲ ਕੇ ਹਿੰਮਤ ਨਾਲ ਘਰ ਖੇਤ ਦਾ ਕੰਮ ਰੇੜ ਲਿਆ। ਹਾਸ਼ਮ ਨੂੰ ਉਹ ਤਲੀ ਤੇ ਛਾਲੇ ਵਾਂਗ ਰੱਖਦੀ। ਹਾਸ਼ਮ ਨੂੰ ਇੱਕ ਅਤਿ ਨਿੱਘੀ ਮਾਂ ਅਤੇ ਨਵਾਬ ਨੂੰ ਇੱਕ ਸੁਘੜ ਸੁਆਣੀ ਅਤੇ ਖੇਤਾਂ ਨੂੰ ਇੱਕ ਚੰਗੀ ਮਾਲਕਣ ਮਿਲ ਗਈ ਕਿ ਹਰ ਪੱਖੋਂ ਲਹਿਰ ਬਹਿਰ ਹੋ ਗਈ।

ਹਾਸ਼ਮ ਚੌਥੀ ਵਿੱਚ ਪੜ੍ਹਦਾ ਸੀ ਜਦ ਸਰਦਾਰ ਬੇਗਮ ਨੇ ਜਪਾਨੀ ਖਿਡੌਣੇ ਵਰਗੀ ਗੋਰੀ ਚਿੱਟੀ ਬੱਚੀ ਨਜ਼ਮਾ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਦੋ ਬਾਲ ਹੋਏ ਸਨ, ਪਰ ਦੋਵੇਂ ਹੀ ਬਿਨਾਂ ਸਾਹਾਂ ਤੋਂ। ਨਜ਼ਮਾ ਇੱਕ ਸਾਲ ਦੀ ਹੋਈ ਸੀ ਕਿ ਸਰਦਾਰ ਬੇਗਮ ਜੱਨਤ ਨਸੀਬ ਹੋਈ। ਆਖਰੀ ਸਾਹਾਂ ਉਤੇ ਸਰਦਾਰ ਬੇਗਮ ਨੇ ਹਾਸ਼ਮ ਤੇ ਨਜਮਾ ਨੂੰ ਚੁੰਮਿਆ ਅਤੇ ਨਵਾਬ ਨੂੰ ਕਿਹਾ, "ਲੈ ਭਲੇ ਲੋਕਾ, ਮੇਰਾ ਪੁੱਤਰ, ਮੇਰੀ ਧੀ ਤੇਰੇ ਹਵਾਲੇ। ਹਾਸ਼ਮ ਨੂੰ ਪਨੋ ਨਾ ਹਟਾਈਂ।"

ਪਰ ਨਵਾਬ ਸਰਦਾਰਾਂ ਦੀ ਮੌਤ ਦੀ ਸੱਟ ਨਾ ਸਹਾਰ ਸਕਿਆ ਅਤੇ ਦਿਮਾਗੀ ਤੁਆਜਨ ਖੋ ਬੈਠਾ ਅਤੇ ਸਕੂਲ ਦੇ ਚੁਸਤ ਮੁੰਡੇ ਹਾਸ਼ਮ ਨੂੰ ਛੇਵੀਂ ਵਿੱਚੋਂ ਹੀ ਸਕੂਲ ਛੱਡਣਾ ਪਿਆ ਅਤੇ ਪੂਰੇ ਘਰ ਅਤੇ ਬਾਹਰ ਦਾ ਬੋਝ ਚੁੱਕਣਾ ਪਿਆ। ਰੋਟੀ ਟੁੱਕ ਖੇਤੀ ਪਾਤੀ। ਫਿਰ ਨਿੱਕੀ ਜਿਹੀ ਨੱਜੋ ਦੀ ਸੰਭਾਲ। ਦਿਨ ਰਾਤ ਉਹਨੂੰ ਸਿਰ ਖੁਰਕਣ ਦੀ ਵਿਹਲ ਨਾ ਮਿਲਦੀ। ਤਿੰਨ ਸਾਢੇ ਤਿੰਨ ਸਾਲ ਨਵਾਬ ਨੇ ਬਿਨਾਂ ਸੁਰਤ ਸੰਭਾਲ ਤੋਂ ਕੱਢੇ ਅਤੇ ਫੌਤ ਹੋ ਗਿਆ ਅਤੇ ਪੰਦਰਾਂ ਸਾਲ ਦੇ ਹਾਸਮ ਅਤੇ ਪੰਜ ਸਾਲ ਦੀ ਨੱਜੋ ਦੇ ਸਿਰੋਂ ਆਖਰੀ ਸਾਇਆ ਵੀ ਉਠ ਗਿਆ।

ਹੁਣ ਪੂਰੇ ਘਰ ਦੀ ਗੱਡੀ ਹੀ ਹਾਸ਼ਮ ਦੇ ਕੰਧੇ ਆ ਪਈ। ਦਿਨ ਰਾਤ ਜਫਰ ਜਾਲਦਿਆਂ ਦੋ ਢਾਈ ਸਾਲ ਲੰਘ ਗਏ। ਨਿੱਕੀ ਜਿਹੀ ਨੱਜੋ ਕੁਲੇ ਗੁਲਾਬੀ ਹੱਥਾਂ ਨਾਲ ਨਿੱਕੀਆਂ-ਨਿੱਕੀਆਂ ਰੋਟੀਆਂ ਪਕਾਉਂਦੀ। ਗੁੜ-ਗੰਢਾ ਜਾਂ ਅਚਾਰ ਜਾਂ ਚਟਣੀ ਕੁੱਟ ਰੋਟੀ ਪੋਣੇ ਵਿੱਚ ਬੰਨ੍ਹ ਖੇਤ ਨੂੰ ਤੁਰ ਪੈਂਦੀ। ਹਾਸ਼ਮ ਦੂਰੋਂ ਜਦ ਨੱਜੋ

110