ਇਹ ਉਹਨਾਂ ਦਾ ਰੋਜ਼ ਦਾ ਹੀ ਅਮਲ ਸੀ। ਸ਼ੁਰੂ-ਸ਼ੁਰੂ ਵਿਚ ਤਾਂ ਮੋਹਨ ਨੂੰ ਸਰਦਾਰੀ ਲਾਲ ਤੋਂ ਬੜੀ ਕੋਫਤ ਹੋਈ। ਨਾਲ ਤੁਰਦਿਆਂ ਉਹਦਾ ਦਮ ਘੁਟਦਾ। ਪਰ ਹੌਲੀ-ਹੌਲੀ ਉਹ ਸਰਦਾਰੀ ਲਾਲ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਗਿਆ।
ਇਕ ਦਿਨ ਜਦ ਉਹ ਮੂੰਹ ਹਨੇਰੇ ਨਿਕਲ ਕੰਮ ਉੱਤੇ ਜਾ ਰਿਹਾ ਸੀ ਤਾਂ ਚੌਂਕ ਬਾਬਾ ਸਾਹਿਬ ਵਿਚ ਉਹਦਾ ਸਰਦਾਰੀ ਲਾਲ ਨਾਲ ਸਾਹਮਣਾ ਹੋਇਆ। ਇਹ ਪਹਿਲਾ ਦਿਨ ਸੀ। ਸਰਦਾਰੀ ਲਾਲ ਵੀ ਕੰਮ ਉੱਤੇ ਜਾ ਰਿਹਾ ਸੀ। ਦੋਹਾਂ ਨੇ ਇਕ ਦੂਜੇ ਨੂੰ ਪਛਾਣ ਲਿਆ। ਮੋਹਨ ਉੱਤੇ ਤਾਂ ਨਦਾਮਤ ਹਾਵੀ ਸੀ। ਮੋਹਨ ਦੀ ਸਮਝ ਵਿਚ ਸਰਦਾਰੀ ਲਾਲ ਤੇ ਕਰੋਧ ਦਾ ਅੰਸ਼ ਹੋਵੇ। ਬਿਨਾਂ ਇਕ ਦੂਜੇ ਨਾਲ ਬੋਲੇ ਉਹ ਲਾਰੰਸ ਰੋਡ ਤੱਕ ਤੁਰੇ ਗਏ। ਕਦੀ ਨਾਲੋ-ਨਾਲ ਕਦੀ ਅੱਗੇ ਪਿੱਛੇ। ਜਦੋਂ ਵਿਛੜਨ ਲੱਗੇ ਤਾਂ ਸਰਦਾਰੀ ਲਾਲ ਨੇ ਪੁਛਿਆ, "ਕਾਕਾ ਕਿੱਥੇ ਕੰਮ ਕਰਦੇ ਹੋ?"
"ਜੀ, ਜੀ ਮੈਂ ਦੁਨੀ ਚੰਦ ਰੋਡ ਤੇ ਵੀ ਮਹਾਰਾਜ ਵੀਵਿੰਗ ਮਿੱਲ ਵਿਚ ਜਾਂਦਾ ਹਾਂ"। ਮੋਹਨ ਨੇ ਬਿਨਾਂ ਉਸ ਵਲ ਦੇਖੇ ਦੱਸਿਆ।
"ਕੀ ਕੰਮ?"
"ਜੀ, ਮੈਂ ਬੁਨਕਰ ਹਾਂ।"
"ਕਿੱਥੋਂ ਆਉਦੇ ਹੋ?
"ਜੀ ਮੋਨੀ ਚੌਂਕ, ਗਲੀ ਨੰਬਰ ਇਕ ਤੋਂ।"
ਫਿਰ ਉਹ ਲਾਰੰਸ ਰੋਡ ਟੱਪ ਦੋਵੇਂ ਨਿਖੜ ਗਏ। ਮੋਹਨ ਸਾਰਾ ਦਿਨ ਪਛਤਾਂਦਾ ਰਿਹਾ, "ਭਲਾ ਸਾਰਾ ਅਤਾ ਪਤਾ ਦੱਸਣ ਦੀ ਕੀ ਲੋੜ ਸੀ। ਨਾ ਜਾਨੇ ਕੱਲ੍ਹ ਨੂੰ ਕੋਈ ਗਲਤ ਗਲ ਹੋ ਜਾਏ ਅਤੇ ਜਦੋਂ ਸ਼ਾਮ ਨੂੰ ਪੰਜ ਵਜੇ ਕਾਰਖਾਨਿਉਂ ਛੁੱਟੀ ਕਰ ਮੁੜਿਆ ਤਾਂ ਸਰਦਾਰੀ ਲਾਲ ਲਾਰੰਸ ਰੋਡ ਤੇ ਬੈਠਾ ਉਡੀਕ ਰਿਹਾ ਸੀ। 'ਆ ਗਏ ਕਾਕਾ' ਆਖ ਕੇ ਉਹ ਉਹਦੇ ਨਾਲ ਤੁਰ ਪਿਆ। ਪੂਰਾ ਪੰਧ ਉਹ ਇਕ ਦੂਜੇ ਨਾਲ ਬਿਨਾਂ ਬੋਲੇ ਤੁਰਦੇ ਗਏ। ਜਦ ਮੌਨੀ ਚੌਂਕ ਵਿਚ ਵਿਛੜਨ ਲੱਗੇ ਤਾਂ ਸਰਦਾਰੀ ਲਾਲ ਨੇ ਪੁਛਿਆ, "ਕਾਕਾ ਇੱਥੇ ਏ ਤੁਹਾਡਾ ਘਰ?"
121