ਪੰਨਾ:ਪੱਕੀ ਵੰਡ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਥੀ ਬਣਾਉਣ ਦਾ ਫੈਸਲਾ ਸੁਣਾਉਣ ਦੀ ਬਜਾਏ ਅਗਲੇ ਦਿਨ ਤਕ ਮੁਲਤਵੀ ਕਰ ਦਿੰਦੀ ਹੈ। ਪਰ ਉਸੇ ਰਾਤ ਕਾਦਰ ਆਤਮਘਾਤ ਕਰ ਲੈਂਦਾ ਹੈ।

'ਨੱਜੋ ਦਾ ਖੂਹ' ਇਕ ਲੰਮੀ ਕਹਾਣੀ ਹੈ ਜਿਸ ਵਿਚ ਕਈ ਕਹਾਣੀਆਂ ਸਮਾਈਆਂ ਹੋਈਆਂ ਹਨ। ਪਰੀ-ਕਹਾਣੀਆਂ ਵਰਗੇ ਅਦਭੁਤ ਮਾਹੌਲ ਦੀ ਸਿਰਜਣਾ, ਗੁੱਜਰ ਅਤੇ ਬਲੋਚ ਕਬੀਲਿਆਂ ਨਾਲ ਸੰਬੰਧਤ ਆਜ਼ਾਦ ਤਬੀਅਤ ਅਤੇ ਇਨਸਾਨੀ ਹਮਦਰਦੀ ਨਾਲ ਭਰਪੂਰ ਪਾਤਰਾਂ ਦੀ ਉਸਾਰੀ ਅਤੇ ਪੰਜਾਬੀ ਸਭਿਆਚਾਰ ਦੇ ਅਨੋਖੇ ਅਤੇ ਜਾਨਦਾਰ ਵੇਰਵਿਆਂ ਦੀ ਜੜਤ ਰਾਹੀਂ ਜੀਵਨ ਪ੍ਰੇਰਕ ਦੇ ਤੌਰ ਤੇ ਮੋਹ-ਪਿਆਰ ਦੀ ਬੁਨਿਆਦੀ ਅਹਿਮੀਅਤ ਨੂੰ ਪ੍ਰਗਟਾਉਣ ਵਿਚ ਇਹ ਕਹਾਣੀ ਬਹੁਤ ਬੁਲੰਦ ਦਰਜੇ ਨੂੰ ਛੋਹ ਜਾਂਦੀ ਹੈ।

'ਧੂੜਾਂ ਦੱਬੇ ਮੋਤੀ' ਵਿੱਚ ਇਕ ਬੱਚੀ ਦੀ ਜ਼ਿੰਦਗੀ ਵਿੱਚ ਆਏ ਵੱਡੇ ਪਰਿਵਰਤਨ ਦਾ ਜ਼ਿਕਰ ਹੈ ਜਿਸਨੂੰ ਇਸਾਈ ਮਿਸ਼ਨਰੀ ਨੇ ਅਪਣਾ ਲਿਆ ਅਤੇ ਸਖਸ਼ੀਅਤ ਦੇ ਵਿਕਾਸ ਲਈ ਭਰਪੂਰ ਮੌਕਾ ਦਿੱਤਾ। ਹਰੇਕ ਲਈ ਭਰਪੂਰ ਮੌਕਿਆਂ ਦਾ ਮੌਜੂਦ ਹੋਣਾ ਇਸ ਜੀਵਨ ਨੂੰ ਬਹੁਤ ਖੂਬਸੂਰਤ ਬਣਾ ਸਕਦਾ ਹੈ। ਸਾਡੇ ਸਮਾਜਕ, ਧਾਰਮਿਕ, ਰਾਜਨੀਤਿਕ ਆਗੂਆਂ ਦੁਆਰਾ ਰਚਨਾਤਮਕ ਪਹਿਲਕਦਮੀਆਂ ਦੀ ਵੱਡੀ ਘਾਟ ਦਾ ਅਹਿਸਾਸ ਕਰਵਾਉਂਦੀ ਇਹ ਕਹਾਣੀ ਪਾਠਕਾਂ ਨੂੰ ਸਮਾਜਕ ਪਰਿਵਰਤਨ ਵਾਸਤੇ ਯਤਨਸ਼ੀਲ ਹੋਣ ਲਈ ਪ੍ਰੇਰਨ ਦੀ ਸਮਰੱਥਾ ਦੀ ਧਾਰਨੀ ਹੈ।


ਮਿਤੀ: 4 ਅਪ੍ਰੈਲ 2001

ਚਰਨ ਗਿੱਲ,

ਪਟਿਆਲਾ।

13