ਪੰਨਾ:ਪੱਕੀ ਵੰਡ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਪੜਿਆ, "ਕਿਰਨ ਬੱਤਰਾ।" ਅੱਛਾ ਨਾ ਏ। ਕਿਰਨ, ਚੰਦ ਦੀ, ਸੂਰਜ ਦੀ ਕੁਝ ਵੀ ਸਮਝੋ। ਉਹ ਰੰਗ ਰੂਪ ਤੋਂ ਚਮਕਦੀ ਕਿਰਨ ਹੀ ਸੀ। ਅੱਜ ਉਸਨੂੰ ਬਹਾਨਾ ਹੱਥ ਆ ਗਿਆ ਸੀ ਦੋ ਬੋਲ ਬੋਲਣ ਦਾ। ਉਹ ਕੁੱਝ ਤਿੱਖੇ ਪੈਰ ਹੋਇਆ ਤੇ ਨਾਲ ਰਲ ਕੇ ਕਿਹਾ, "ਲਉ ਕਿਰਨ ਜੀ, ਤੁਹਾਡੀ ਕਿਤਾਬ।"

ਅਤੇ ਉਹ ਚੌਂਕ ਤੱਕ ਪਹੁੰਚ ਗਏ। ਉਸਦਾ ਦਿਲ ਧੜਕ ਰਿਹਾ ਸੀ। ਉਹ ਬਿਨਾਂ ਉਸ ਵਲ ਵੇਖੇ ਰਿਕਸ਼ੇ ਵਿੱਚ ਬੈਠ ਗਈ। ਰਿਕਸ਼ਾ ਤੁਰਨ ਲੱਗੀ ਤਾਂ ਉਸ ਹਿੰਮਤ ਕਰ ਕੇ ਕਿਹਾ, "ਕਿਰਨ ਜੀ, ਤੁਹਾਡੀ ਕਿਤਾਬ।"

ਲੜਕੀ ਦੇ ਚਿਹਰੇ ਤੇ ਸੰਕਟ ਤੇ ਉਦਾਸੀ ਦੇ ਸਾਏ ਉੱਡੇ ਅਤੇ ਹੋਠਾਂ ਉਤੇ ਮਧੁਰ ਮੁਸਕਾਨ ਆ ਗਈ। ਉਸ ਕਿਤਾਬ ਫੜਦਿਆਂ ਕਿਹਾ, "ਧੰਨਵਾਦ, ਮੇਰਾ ਨਾਂ ਸ਼ੀਲਾ ਵਰਮਾ ਏ ਅਤੇ ਇਹ ਕਿਤਾਬ ਮੇਰੀ ਸਹੇਲੀ ਦੀ ਏ।"

ਅਤੇ ਰਿਕਸ਼ਾ ਚਲ ਗਈ। ਉਹ ਬੁੱਤ ਬਣਿਆ ਖਲੋਤਾ ਰਿਹਾ। ਰਿਕਸ਼ਾ ਦੂਰ ਤੱਕ ਬਿਜਲੀ ਦੇ ਬਲਬਾਂ ਵਿਚ ਜਾਂਦੀ ਦਿਸਦੀ ਰਹੀ। ਅਤੇ ਜਦ ਰਿਕਸ਼ਾ ਨਜ਼ਰੋਂ ਓਝਲ ਹੋ ਗਈ ਤਾਂ ਉਹ ਆਪਣੇ ਰਾਹ ਤੁਰ ਪਿਆ। ਉਸਦੇ ਕੰਨਾ ਦੁਆਲੇ ਰਸ ਘੋਲਦੇ ਬੋਲ ਗੂੰਜ ਰਹੇ ਸਨ। "ਧੰਨਵਾਦ, ਮੇਰਾ ਨਾਂ ਸ਼ੀਲਾ ਵਰਮਾ ਏ", ਜਿੰਨੀ ਸੁੰਦਰ ਲੜਕੀ ਉਨਾਂ ਸੁੰਦਰ ਸ਼ਬਦ ਉਚਾਰਨ ਅਤੇ ਉਨੀ ਹੀ ਸੁਰੀਲੀ ਆਵਾਜ਼। ਉਹ ਪੌਣੇ ਤਿੰਨ ਘੰਟੇ ਲੇਟ ਲਾਰੰਸ ਰੋਡ ਤੇ ਆਇਆ। ਪਰ ਸਰਦਾਰੀ ਲਾਲ ਗਿਆ ਨਹੀਂ। ਉਥੇ ਹੀ ਬੈਠਾ ਸੀ।

ਮੋਹਨ ਬੇਟਾ, ਇਨਾਂ ਲੰਬਾ ਓਵਰ ਟਾਈਮ। ਮੈਂ ਤਾ ਸੋਚਿਆਂ ਅੱਜ ਰਾਤ ਇੱਥੇ ਹੀ ਕੱਟਣੀ ਪਵੇਗੀ।"

ਜੀ, ਜੀ ਹਾਂ, ਬਾਡਰ ਖੁੱਲਾ ਏ ਨਾ। ਦੋ ਘੰਟੇ ਦਾ ਉਵਰ ਟਾਇਮ ਮਿਲਿਆ ਸੀ।"

"ਪਰ ਤੂੰ ਤਾਂ ਬੇਟਾ ਪੌਣਾਂ ਘੰਟਾ ਹੋਰ ਵਾਧੂ ਲਾ ਆਇਆ ਏਂ।"

ਮੋਹਨ ਸੱਚ-ਸੱਚ ਦਸਦਾ ਹੋਇਆ ਚੁੱਪ ਹੀ ਹੋ ਗਿਆ ਤੇ ਕਿਹਾ, "ਲੇਟ ਬਹੁਤ ਹੋ ਗਏ ਆਂ, ਰਿਕਸ਼ਾ ਕਰ ਲਈਏ।"

131