ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ ਜਿਸ ਦਾ ਦੁੱਖ ਕਾਦਰ ਨੂੰ ਇੰਨਾਂ ਲੱਗਾ ਕਿ ਉਹ ਬਿਲਕੁਲ ਹੀ ਸਾਦਗੀ ਧਾਰ ਗਿਆ। ਸਾਦਾ ਸਾਊ ਸੁਭਾਅ, ਤਾਂ ਪਹਿਲਾਂ ਹੀ ਸੀ। ਖੱਦਰ ਦਾ ਕੁੱੜਤਾ, ਖੱਦਰ ਦੀ ਤਹਿਮਤ, ਧੌੜੀ ਦੀ ਜੁੱਤੀ, ਖੱਦਰ ਦੇ ਲੰਮੇਂ ਪੌਣੇ ਦੀ ਪਤਲੀ ਪੱਗ, ਜਿਸਨੂੰ ਉਹ ਅੱਧੀ ਸਿਰ ਤੇ ਬੰਨ੍ਹ ਲੰਬਾ ਲੜ ਛੱਡ ਮੋਢੇ ਤੇ ਅੱਗੇ ਨੂੰ ਸੁੱਟ ਠੋਡੀ ਹੇਠੋਂ ਕੱਢ ਕੇ ਖੱਬੇ ਮੋਢੇ ਤੇ ਪਿਛਾਂਹ ਨੂੰ ਸੁੱਟ ਲੈਂਦਾ। ਅਤੇ ਇਕੋ ਵੇਲੇ ਪੱਗ ਪਰਨੇ ਦਾ ਕੰਮ ਲੈਂਦਾ। ਲਾਲ ਖਾਂ ਦੇ ਮਰਨ ਤੋਂ ਬਾਅਦ ਉਹਨਾਂ ਡੰਗਰ-ਵੱਛਾ ਵੇਚ ਕੇ ਖੇਤੀ ਦਾ ਕੰਮ ਠੱਪ ਕਰ ਦਿੱਤਾ। ਜ਼ਮੀਨ ਹਿੱਸੇ ਤੇ ਦੇ ਦਿੱਤੀ ਅਤੇ ਆਪ ਇਕੋ ਮੱਝ ਰੱਖ ਲਈ। ਮੱਝ ਲਈ ਪੱਠੇ ਬਟਾਵੇ ਸੁੱਟ ਜਾਂਦੇ ਜਾਂ ਹੁਸੈਨ ਬੀਬੀ ਵਢਾ ਕੇ ਲੈ ਆਉਂਦੀ।

ਇਕ ਦਿਨ ਗੁਰਦੌਰੀ ਵੇਲੇ ਜਦ ਕਾਦਰ ਪਟਵਾਰੀ ਦੇ ਨਾਲ ਸੀ ਉਸਦੀ ਖੇਤਾਂ ਬਾਰੇ ਸੂਝ-ਬੂਝ ਦੇਖ ਪਿੰਡ ਦਾ ਜਗੀਰਦਾਰ ਕਾਇਲ ਹੋ ਗਿਆ ਅਤੇ ਕਾਦਰ ਨੂੰ ਮਹਸਲ ਯਾਨੀ ਮੁਨਸ਼ੀ ਦੇ ਅਹੁਦੇ ਦੀ ਪੇਸ਼ਕਸ ਕੀਤੀ ਅਤੇ ਉਸ ਦਿਨ ਤੋਂ ਹੀ ਕਾਦਰ ਦੇ ਨਾਮ ਨਾਲ ਮੁਨਸ਼ੀ ਜੁੜ ਗਿਆ। ਯਾਨੀ ਮੁਨਸ਼ੀ ਗੁਲਾਮ ਕਾਦਰ।

ਮੁਹਸਲ ਬਣ ਕੇ ਵੀ ਉਸ ਵਿਚ ਪਹਿਲੇ ਮੁਹਸਲਾਂ ਵਾਂਗ ਕੋਈ ਬੋ ਨਾ ਦਾਖਲ ਹੋਈ ਭਾਵੇਂ ਉਹ ਤਿੰਨ ਹਿੱਸੀ ਪਿੰਡ ਦੇ ਮੁਜਾਰਿਆਂ ਤੇ ਇਕ ਕਿਸਮ ਦਾ ਅਫਸਰ ਸੀ। ਨਾ ਤਾਂ ਉਸਨੇ ਪਹਿਲੇ ਮੁਹਸਲਾਂ ਵਾਂਗ ਮੁੱਛਾਂ ਨੂੰ ਗੇੜਾ ਦਿੱਤਾ, ਨਾ ਹੀ ਚਰਬ-ਜ਼ਬਾਨੀ ਅਤੇ ਆਕੜ ਲਿਆਂਦੀ ਅਤੇ ਨਾ ਹੀ ਘੋੜੇ ਦੀ ਸਵਾਰੀ ਕੀਤੀ। ਨਾ ਪਹਿਰਾਵੇ ਦੀ ਸਾਦਗੀ ਛੱਡੀ। ਉਹ ਸਵੇਰ ਤੋਂ ਸ਼ਾਮ ਤੱਕ ਲੰਬੇ ਚੌੜੇ ਖੇਤਾਂ ਤੱਕ ਪੈਰੀਂ ਹੀ ਤੁਰਿਆ ਰਹਿੰਦਾ। ਅਤੇ ਆਪਣੀ ਡਿਊਟੀ ਨਿਭਾਉਂਦਾ ਰਹਿੰਦਾ। ਇਹੀ ਕਾਰਣ ਸੀ ਕਿ ਜਗੀਰਦਾਰ ਦਾ ਹਰ ਮੁਜਾਰਾ ਉਹਨੂੰ ਪਿਆਰ ਕਰਦਾ ਅਤੇ ਉਸਦੀ ਕਦਰ ਕਰਦਾ। ਕਿਉਂਕਿ ਮੁਨਸ਼ੀ ਕਾਦਰ ਹਰ ਮੁਜਾਰੇ ਨਾਲ ਡੂੰਘਾ ਹਿੱਤ ਕਰਦਾ ਸੀ ਅਤੇ ਕਦੇ ਕਿਸੇ ਦਾ ਦਿਲ ਨਹੀਂ ਸੀ ਦੁਖਾਉਂਦਾ ਅਤੇ ਨਾ ਹੀ ਕਿਸੇ ਦਾ ਦਿਲ ਦੁਖਿਆ ਵੇਖ ਸਕਦਾ। ਕਾਦਰ ਦਿਲ ਦਾ ਸਾਫ ਹੋਣ ਕਰਕੇ ਹਰ ਇਕ ਤੇ ਇਤਬਾਰ ਕਰਦਾ ਸੀ। ਪਹਿਲੇ ਮੁਹਸਲਾਂ ਵਾਂਗ ਉਹ ਬੋਹਲਾਂ ਤੇ ਠੱਪੀਆਂ ਲਾ ਕੇ ਮੁਜਾਰਿਆਂ ਨੂੰ ਨੀਦੇਂ ਨਹੀਂ ਸੀ ਮਾਰਦਾ।

151