ਪੰਨਾ:ਪੱਕੀ ਵੰਡ.pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਹੀ ਆਪਣੇ ਬਾਹਰ ਦੇ ਧੰਦੇ ਵਿਚ ਸ਼ਰੀਕ ਹੋਣ ਦਿੰਦੀ। ਉਹ ਕਹਿੰਦੀ, "ਧੀਆਂ ਧੰਨ ਬੇਗਾਨਾ, ਸਾਰੀ ਉਮਰ ਖਪਣਾ ਹੀ ਏ, ਆਪਣੇ ਘਰ ਜਾ ਕੇ ਜੋ ਮਰਜ਼ੀ ਕਰਨਾ।"

ਨਰੈਣ ਸਿੰਘ ਜਵਾਨੀ ਪੈਹਰੇ ਬੜਾ ਟੌਹਰੀ ਜਵਾਨ ਸੀ — ਕੱਦ ਦਾ ਭਾਵੇਂ ਕੁਝ ਮੱਧਰਾ ਸੀ। ਗਿਆਰਾਂ ਘੁਮਾ ਮਾਲਕੀ ਸੀ ਅਤੇ ਦੋ ਹੀ ਭਰਾ ਸਨ ਨਰੈਣਾ ਤੇ ਛੋਟਾ ਸੁਰੈਣ। ਸੁਰੈਣ ਨੂੰ ਉਸ ਫੌਜ ਵਿਚ ਭਰਤੀ ਕਰਾ ਦਿੱਤਾ ਸੀ ਅਤੇ ਆਪ ਡੰਗਰ ਵੱਛਾ ਵੇਚ ਜ਼ਮੀਨ ਹਿੱਸੇ ਠੇਕੇ ਦੇ ਦਿੱਤੀ ਸੀ। ਘੁਲਣ ਖੇਡਣ ਦਾ ਸ਼ੌਕੀ ਸੀ - ਤੇਲ ਮਲਣਾ, ਡੰਡ ਬੈਠਕਾਂ ਲਾਉਣੀਆਂ, ਘਿਓ ਖਾਣਾ ਤੇ ਬਦਾਮ ਚੱਬਣੇ, ਮਲਮਲ ਸਮਰ ਜਾਂ ਕੰਮਕ ਦਾ ਕਲੀਆਂ ਵਾਲਾ ਕੁੜਤਾ, ਤੇੜ ਸੱਤ ਗਜ਼ਾ ਲੜ ਛਡਵਾਂ ਚਾਦਰਾ ਪੈਰੀਂ ਕੱਢਵੀਂ ਨੇ ਕਦਾਰ ਜੁੱਤੀ, ਮਾਵੇ ਨਾਲ ਆਕੜੀ ਟੌਰੇਦਾਰ ਪੱਗ, ਕਦੇ ਕਿਸੇ ਮੇਲੇ, ਕਦੀ ਕਿਸੇ 'ਕੱਠ।

ਛਿੰਝ ਅਖਾੜੇ ਪਿੰਡ ਹੁੰਦਿਆਂ ਵੀ ਛੜੇ ਦੇ ਚੁੱਲ੍ਹੇ ਦੁਆਲੇ ਮੁਫਤ ਖੋਰੇ ਖੁਸ਼ਾਮਦੀ ਮਿੱਤਰਾਂ ਦਾ ਇਕੱਠ ਹੋਇਆ ਰਹਿੰਦਾ ਅਤੇ ਬਦਾਮਾਂ ਦੇ ਰਗੜੇ ਲੱਗਦੇ ਰਹਿੰਦੇ। ਕੱਦ ਦਾ ਮਧਰਾ ਹੋਣ ਦੇ ਬਾਵਜੂਦ ਵੀ ਉਹਦੇ ਸਰੀਰ ਦੀ ਜੜਤੀ ਬਹੁਤ ਚੰਗੀ ਸੀ। ਤਾਹੀਉਂ ਤਾਂ ਵਿਧਵਾ ਨਿਹਾਲੀ, ਇੱਕ ਪੁੱਤਰ ਦੀ ਮਾਂ ਉਸ ਵੱਲ ਖਿਚੀ ਗਈ ਅਤੇ ਪੈਂਤੀ ਚਾਲੀ ਘੁਮਾ ਜ਼ਮੀਨ ਤੇ ਪੁੱਤਰ ਨੂੰ ਛੱਡ ਨਰੈਣ ਦੇ ਲੜ ਆ ਲੱਗੀ।

ਨਿਹਾਲੀ ਨਰੈਣ ਤੋਂ ਗਿੱਠ ਉੱਚੀ, ਭਰ ਜਵਾਨ ਅਤੇ ਸੋਹਣੀ ਸੁਨੱਖੀ ਜਨਾਨੀ ਸੀ। ਨਿਹਾਲੀ ਤੇ ਚਾਦਰ ਪਾਉਣ ਨਾਲ ਨਰੈਣੇ ਤੇ ਕਬੀਲਦਾਰੀ ਆ ਪਈ ਅਤੇ ਉਹ ਵੀ ਆਸ਼ਕੀ ਦਾ ਵਿਆਹ। ਫਿਰ ਸੁਹਣੀ ਸੁਨੱਖੀ ਨੌਜਵਾਨ ਤੀਵੀਂ। ਹਰ ਪਾਸੇ ਖਰਚ ਖੁੱਲਾ। ਨਰੈਣ ਸਿੰਘ ਦੀਆਂ ਖੁਰਾਕਾਂ ਖੁੱਸ ਗਈਆਂ। ਉਸ ਦੋ ਬਲਦ ਲੈ ਹਲ ਖੜਾ ਕਰ ਲਿਆ ਪਰ ਕੰਜਰੀ ਨੂੰ ਚੱਕੀ ਪੀਹਣੀ ਪੈ ਗਈ। ਥਕੇਵਾਂ ਲਾਹੁਣ ਲਈ ਉਹਨੇ ਥੋੜੀ-ਥੋੜੀ ਅਫੀਮ ਖਾਣੀ ਸ਼ੁਰੂ ਕਰ ਦਿੱਤੀ। ਵੇਹਲੇ ਵੇਲੇ ਅਫੀਮ ਦਾ ਨਸ਼ਾ ਖਿੜਾਣ ਲਈ ਨਸਵਾਰ ਦੀ ਚੁਟਕੀ ਵੀ ਲੈਣੀ ਸ਼ੁਰੂ ਕਰ ਦਿਤੀ। ਛੇਤੀ ਹੀ ਨਸ਼ਾ ਹੱਥੀਂ ਬੈਠ ਗਿਆ ਅਤੇ ਨਰੈਣਾ ਘਾਗ ਅਮਲੀ ਬਣ ਗਿਆ। ਅਫੀਮ ਹੌਲੀ

168