ਪੰਨਾ:ਪੱਕੀ ਵੰਡ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਕਿ ਬੁਰਕੀਆਂ ਦੇ ਕੇ ਪਾਲੇ ਹੋਏ ਭਰਾ ਮੂੰਹ ਪਾੜ ਬੋਲਣਗੇ। ਉਸ ਉਡਦੇ ਹਵਾਸ ਕਾਬੂ ਕੀਤੇ ਅਤੇ ਸ਼ਦੀਕ ਨੂੰ ਕਿਹਾ, “ਕਿਉਂ ਸਦੀਕ ਮੈਂ ਕੋਈ ਕੋੜੀ ਫਿਕੀ ਗਲ ਕੀਤੀ ਏ?”

“ਪਰ ਦੁਲੇ ਨੇ ਕਿਹੜੀ ਮਾੜੀ ਆਖੀ ਏ? ਨਹੀਂ ਕੱਟਦੀ ਤਾਂ ਸਾਨੂੰ ਅੱਡ ਕਰ ਦਿਉ। ਸਾਲ ਛਿਮਾਹੀ ਮੇਰਾ ਵੀ ਟੱਬਰ ਆਉਣਾ ਏ। ਭਾਬੀ ਇੱਕ ਨੂੰ ਨਹੀਂ ਝੱਲ ਸਕੀ ਫਿਰ ਦੋਹਾਂ ਨੂੰ ਕਿਵੇਂ ਝੱਲੇਗੀ।” ਸ਼ਦੀਕ ਇੱਕ ਸਾਹੇ ਗੱਲ ਸਿਰੇ ਲਾ ਗਿਆ।

ਅਤੇ ਦੁੱਲੇ ਨੇ ਗੱਲ ਟੱਕ ਲਈ, “ਨਾਲੇ ਭਾ, ਸਦੋ ਸਦੀ ਕਿਹੜਾ ਕਿਸੇ ਦੀ ਲੰਘੀ ਏ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਅਗਲੇ ਦਿਨ। ਇਹ ਤਾਂ ਹੁੰਦਾ ਹੀ ਆਇਆ ਏ, ਮੁੱਢ ਕਦੀਮ ਤੋਂ।”

ਉਮਰਾ ਕੁੱਝ ਨਾ ਬੋਲ ਸਕਿਆ। ਹੂੰ ਨਾ ਹਾਂ। ਉਹਨੂੰ ਤਾਂ ਅੰਦਰੇ-ਅੰਦਰ ਡੋਬੂ ਜਿਹਾ ਪੈ ਗਿਆ। ਜਦੋਂ ਉਹ ਘਰ ਆਇਆ ਤਾਂ ਮੱਧਿਆ ਮਿਲਿਆ ਜਿਹਾ ਸੀ। ਉਹਦੀਆਂ ਅੱਖਾਂ ਅਗੇ ਹਨੇਰੇ ਸਾਏ ਨੱਚ ਰਹੇ ਸਨ। ਜਦੋਂ ਬਸ਼ੀਰਾਂ ਨੇ ਕਾਰਨ ਪੁੱਛਿਆ ਤਾਂ ਉਮਰੇ ਨੇ ਸਾਰੀ ਗੱਲ ਦੱਸੀ। “ਬਸ਼ੀਰਾਂ, ਬਗਾਨੀ ਧੀ ਨੂੰ ਕੀ ਦੋਸ਼ ਦਈਏ। ਮੇਰੇ ਭਰਾ ਹੀ ਕੁਰਾਹੇ ਪੈ ਰਹੇ ਨੇ।”

ਅਤੇ ਫਿਰ ਰਾਤੀ ਤਿੰਨਾਂ ਨੂੰ ਬਿਠਾ ਬਸ਼ੀਰਾਂ ਨੇ ਹੱਥ ਬੰਨੇ।

“ਵੇ ਵਾਸਤਾ ਜੇ ਕਿਸੇ ਵੱਡ ਵਡੇਰੇ ਦਾ। ਘਰ ਵਿੱਚ ਤਰੇੜ ਨਾ ਪਾਉ। ਪਾਟੇ ਘਰਾਂ ਤੇ ਖੁਦਾ ਰਸੂਲ ਵੀ ਕਹਿਰ ਨਾਜ਼ਲ ਕਰਦਾ ਏ। ਕੁੱਝ ਲੋਕ ਚਰਚਾ ਦਾ ਹੀ ਧਿਆਨ ਕਰੋ। ਏਕੇ ਵਿੱਚ ਬਰਕਤਾਂ ਹੁੰਦੀਆਂ ਨੇ। ਸਾਲ ਨਾ ਛਮਾਹੀ ਘੱਟੋ ਘੱਟ ਰਮਜਾਨ ਨੂੰ ਤਾਂ ਵਿਆਹ ਲੈਣ ਦਿਉ।”

ਪਰ ਉਹਨਾ ਤਿੰਨਾਂ ਹੀ ਇਕ ਸੁਰ ਕਰ ਲਈ ਅਤੇ ਕਾਦਰੀ ਤਾਂ ਹੋਰ ਵੀ ਅੱਗੇ ਲੰਘ ਗਈ।

“ਬੱਸ-ਬੱਸ ਬੀਬੀ। ਘਰ ਖੇਤ ਅਸੀਂ ਖਪੀਏ ਤੇ ਚੌਧਰਾਂ ਤੁਸੀਂ ਮਾਲਕ ਸੁਆਣੀ ਕਰੋ।”