ਪੰਨਾ:ਪੱਕੀ ਵੰਡ.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਹਾਲੀ ਨੇ ਫਿਰ ਗੱਲ ਸ਼ੁਰੂ ਕੀਤੀ, "ਲਾਦੋ ਭੈਣ, ਟੁੱਟੀ ਬੇੜੀ ਬੰਨੇ ਲਾ ਦੇ। ਗੁਰੂ ਤੇਰਾ ਭਲਾ ਕਰੇ। ਧੀਆਂ ਦਾ ਧੰਨ, ਬਿਗਾਨਾ ਧਨ ਏਂ। ਸਿਰੋਂ ਬੋਝ ਲੈਹ ਜਾਵੇ ਤੇ ਅਸੀਂ ਸੁਰਖਰੂ ਹੋਈਏ- ਇਕ ਖੇਤ ਰਖੇਂ ਤੇਰੀ ਖੁਸ਼ੀ ਜੇ ਦੋਵੇਂ ਮੰਗੇ ਤਾਂ ਵੀ ਤੇਰੀ ਮਰਜੀ।"

ਕੁਝ ਚਿਰ ਫਿਰ ਚੁੱਪ ਛਾਈ ਰਹੀ, ਫਿਰ ਲਾਦੋ ਨੇ ਪੁਛਿਆ, "ਭਾਈਆ, ਦੋਵੇਂ ਖੇਤ ਦੇ ਕੇ ਫਿਰ ਤੁਸੀਂ ਗੁਜ਼ਾਰਾ ਕਿਵੇਂ ਕਰੋਗੇ?"

ਨਰੈਣੇ ਨੇ ਲੰਮਾ ਹੌਕਾ ਭਰਿਆ, ਫਿਰ ਬੁਝੀ ਜਿਹੀ ਆਵਾਜ਼ ਵਿਚ ਕਿਹਾ, "ਸੁਰਜੀਤ ਕੌਰੇ, ਕਿਸਮਤ ਦੇ ਲਿਖੇ ਧੱਕੇ ਤਾਂ ਹਰ ਹੀਲੇ ਖਾਣੇ ਨੇ।

ਪਰ ਨਿਹਾਲੀ ਨੇ ਗੱਲ ਸਿਰੇ ਲਾਉਂਦਿਆਂ ਕਿਹਾ, "ਭੈਣੇ, ਜਿਵੇਂ ਗੁਜ਼ਰੇਗੀ ਗੁਜ਼ਾਰਾਂਗੇ, ਮੇਹਨਤ ਮਜ਼ਦੂਰੀ ਕਰ ਲਾਂਗੇ, ਪਰ ਇਹ ਫਰਜ਼ ਤਾਂ ਨਿਭੌਣਾ ਈਂ ਪੈਣਾ ਏਂ।"

ਲਾਦੋ ਉਠੀ, ਦੁੱਧ ਦੇ ਦੇ ਗਿਲਾਸ ਭਰੇ ਤੇ ਦੋਹਾਂ ਨੂੰ ਫੜਾ ਦਿਤੇ ਅਤੇ ਕਿਹਾ, "ਅੱਛਾ ਭੈਣ ਰਾਮ ਭਲੀ ਕਰੇਗਾ। ਮੈਂ ਸਵੇਰੇ ਸੋਚ ਕੇ ਦਸਾਂਗੀ।

ਦੋਹਾਂ ਦੇ ਦਿਲ ਨੂੰ ਕੁਝ ਧਰਵਾਸ ਹੋਈ। ਨਿਹਾਲੀ ਨੇ ਉੱਠਦਿਆਂ ਕਿਹਾ, "ਚੰਗਾ ਭੈਣ, ਦਿਨ ਥੋੜੇ ਰਹਿ ਗਏ ਨੇ। ਭੱਜਿਆਂ ਵੀ ਨਹੀਂ ਲਿਆ ਜਾਣਾ ਤੇ ਨਾ ਹੀ ਕੁਝ ਅੱਲੇ ਪੱਲੇ। ਬਸ ਖੂਹ ਵਿਚ ਡਿਗੀ ਗਊ ਕੱਢਣ ਵਾਲੀ ਗੱਲ ਈ ਏ।

ਲਾਦੋ ਦੋਹਾਂ ਨੂੰ ਬਾਹਰ ਬੂਹੇ ਤਕ ਛੱਡਣ ਆਈ ਤੇ ਬੂਹਾ ਬੰਦ ਕਰਨ ਲੱਗੀ ਨੇ ਕਿਹਾ, "ਕੋਈ ਨੀ ਭੈਣ, ਬੰਦੇ ਦੇ ਕੀ ਹੱਥ ਵਸ ਏ, ਸਭ ਦੇ ਕਾਰਜ ਉਪਰ ਵਾਲਾ ਈ ਸਾਰਦਾ ਈ। ਮੈਂ ਸਵੇਰੇ ਦਸਾਂਗੀ।

ਨਾ ਨਰੈਣਾ ਤੇ ਨਾ ਨਿਹਾਲੀ ਸਾਰੀ ਰਾਤ ਸੌਂ ਸਕੇ। ਸੋਚਾਂ ਤੇ ਵਿਉਂਤਾਂ ਹੀ ਲਾਉਂਦੇ ਰਹੇ। ਆਸ ਤੇ ਨਿਰਾਸ਼ਾ ਦਾ ਘੋਲ ਵੀ ਹੁੰਦਾ ਰਿਹਾ। ਕਿਤੇ ਜਵਾਬ ਈ ਨਾ ਦੇ ਦੇਵੇ? ਕਿਤੇ ਚੜੇ ਚਾੜ੍ਹਕੇ ਈ ਨਾ ਮਾਰੇ? ਫਿਰ ਕਿਸੇ ਪਾਸੇ ਜੋਗੇ ਈ ਨਾ ਰਹੀਏ। ਪਰ ਆਸ ਬੱਝਦੀ ਸੀ। ਜੇ ਜਵਾਬ ਦੇਣਾ ਹੁੰਦਾ ਤਾਂ ਹੁਣੇ ਈਂ ਦੇ

181