ਪੰਨਾ:ਪੱਕੀ ਵੰਡ.pdf/187

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾੜ ਰਹੇ ਸਨ।

ਲਾਦੋ ਦੇ ਹੱਥ ਵਿਚ ਇਕ ਰੰਗ ਬਰੰਗਾ ਡੱਬਾ ਸੀ, ਜਿਹਨੂੰ ਲੈ ਉਹ ਨਿਹਾਲੀ ਹੋਰਾਂ ਵੱਲ ਅਗਲਵਾਂਢੀ ਹੋਈ। ਲਗਦਾ ਸੀ ਲਾਦੋ ਨੂੰ ਕਾਫੀ ਰੁਝੇਵੇਂ ਸਨ। ਉਹ ਵਿਹੜੇ ਵਿਚ ਤੁਰਦੀ ਤੁਰਦੀ ਵੀ ਬਚਨੇ ਨੂੰ ਆਖ ਰਹੀ ਸੀ, "ਬਚਨਿਆਂ ਵੀਰਾ, ਪੈਹਲਾਂ ਭੱਠੀਆਂ ਲਿਪ ਲੌ, ਹਲਵਾਈ ਆਪਣੇ ਕੰਮ ਲਗਣ।" ਨਾਲ ਹੀ ਉਸ ਨਿਹਾਲੀ ਨੇੜੇ ਜਾ ਉਹਦੇ ਹੱਥਾਂ ਵਿਚ ਡੱਬਾ ਖੋਹਲ ਕੇ ਫੜਾਂਦਿਆਂ ਕਿਹਾ, "ਭੈਣ, ਇਹ ਗਹਿਣੇ ਮੇਰੀਆਂ ਧੀਆਂ ਨੂੰ ਜਚ ਜਾਣਗੇ?"

ਨਿਹਾਲੀ ਨੇ ਗਹਿਣੇ ਕੀ ਵੇਖਣੇ ਸਨ, ਉਹ ਤਾਂ ਆਪਣੇ ਆਪ ਨੂੰ ਮਸਾਂ ਸੰਭਾਲ ਰਹੀ ਸੀ ਅਤੇ ਨਰੈਣਾ ਜਿਵੇਂ ਸਭ ਕੁਝ ਖਾਬ ਵਿਚ ਹੀ ਵੇਖ ਰਿਹਾ ਸੀ।

ਲਾਦੋ ਨੇ ਦੋਹਾਂ ਕੁੜੀਆਂ ਨੂੰ ਬੁਕਲ ਵਿਚ ਲੈਂਦਿਆਂ ਚੰਮਿਆ ਤੇ ਕਿਹਾ, 'ਜਾਓ ਬੇਟਾ, ਆਪਣੇ ਨਾਪ ਦਿਓ ਤੇ ਲੰਗਰ ਪਾਣੀ ਦਾ ਪ੍ਰਬੰਧ ਕਰਾਓ। ਅਤੇ ਆਪ ਗੁੰਮ ਸੁੰਮ ਖਲੋਤੀ ਨਿਹਾਲੀ ਹੱਥੋਂ ਡੱਬਾ ਫੜ ਕੇ ਵਿਖਾਂਦਿਆਂ ਕਿਹਾ, "ਵੇਖ ਭੈਣਾਂ, ਕੋਈ ਕਸਰ ਮੁਸਰ ਏ ਤਾਂ ਕੱਢ ਲਈਏ।"

ਪਰ ਕਸਰ ਕੀ ਸੀ, ਦੋ ਸੱਗੀਆਂ, ਚਾਰ ਫੁਲ, ਚਾਰ ਕਲਿਪ ਸੂਈਆਂ, ਛਿੰਗ ਤਵੀਤਾਂ ਦੋ, ਦੋ ਹਾਰ, ਬਾਜੂਬੰਦ, ਚੂੜੀਆਂ, ਛਾਪਾਂ, ਪਰਾਹੁਣਿਆਂ ਲਈ ਦੋ ਕੰਢਲੇ ਸਭ ਕੁਝ ਤਾਂ ਵਾਧੂ ਸੀ। ਪਰ ਨਿਹਾਲੀ ਗਹਿਣਿਆਂ ਵੱਲ ਨਹੀਂ ਸਗੋਂ ਸਾਹਮਣੇ ਖਲੋਤੀ ਲਾਦੋ ਦੇ ਮੂੰਹ ਵਲ ਇਕ ਟਿਕ ਵੇਖ ਰਹੀ ਸੀ ਜਿਹੜੀ ਉਹਨੂੰ ਪੁਰਬਣ ਰਾਮ ਦੁਲਾਰੀ ਨਹੀਂ ਸਗੋਂ ਦੇਵੀ ਸਰੂਪ ਦਿਸ ਰਹੀ ਸੀ। ਉਹਨੂੰ ਲਾਦੋ ਦੇ ਮੂੰਹ ਤੇ ਚੰਦਰਮਾ ਵਾਂਗ ਪ੍ਰਕਾਸ਼ ਦਿਸਦਾ ਤੇ ਕਦੇ ਸਿਰ ਤੇ ਚਮਕਦਾ ਮੁਕਟ ਜਿਹੜਾ ਸੁਨਹਿਰੀ ਭਾ ਮਾਰ ਰਿਹਾ ਸੀ। ਉਹਦਾ ਦਿਲ ਪੰਘਰ ਕੇ ਲਾਦੋ ਦੇ ਪੈਰਾਂ ਹੇਠ ਵਿਛ ਜਾਣ ਨੂੰ ਕਰ ਰਿਹਾ ਸੀ। ਦਿਲ ਦਾ ਉਬਾਲ ਪ੍ਰੇਮ ਵੇਗ ਵਿਚ ਉਬਲ ਕੇ ਅੱਖਾਂ ਚੋਂ ਛਲਕ ਪਿਆ ਅਤੇ ਉਹ ਗੋਡਿਆਂ ਭਾਰ ਹੋ ਲਾਦੋਂ ਦੇ ਪੈਰਾਂ ਤੇ ਸਿਰ ਰੱਖ ਫੁੱਟ ਫੁੱਟ ਕੇ ਰੋ ਪਈ, 'ਤੂੰ ਧੰਨ ਏਂ ਦੇਵੀ ਭੈਣ, ਤੇਰਾ ਦੇਣ ਕਿੱਥੇ ਦਿਆਂਗੇ, ਜਨਮ-ਜਨਮ ਤੇਰਾ ਦੇਣਾ ਦੇਈਏ ਤਾਂ ਸੋ ਜਨਮ ਵੀ ਥੋੜੇ ਨੇ।'

187