ਪੰਨਾ:ਪੱਕੀ ਵੰਡ.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੈਹਣੇ ਵਾਲੀ ਤਿੰਨ ਕਿੱਲੇ ਜ਼ਮੀਨ ਵੀ ਖਲਾਸ ਹੋ ਗਈ ਆਂ।"

ਪਰ ਨਰੈਣ ਸਿੰਘ ਨੇ ਕਾਗਜ਼ ਚੁੱਕ ਕੇ ਲਾਦੇ ਦੇ ਪੈਰਾਂ ਤੇ ਰੱਖ ਦਿੱਤੇ ਤੇ ਕੈਲੇ ਦਾ ਸਿਰ ਪਲੋਸਦੇ ਨੇ ਕਿਹਾ, "ਸੁਰਜੀਤ ਕੁਰੇ, ਜਿਉਂਦੇ ਰੈਹਣ ਸਾਡੇ ਪੁੱਤਰ, ਜ਼ਮੀਨਾਂ ਵਾਹੁਣ ਵਾਲੇ।"

ਨਿਹਾਲੀ ਦੀਆਂ ਅੱਖਾਂ ਪਿਆਰ ਵੇਗ ਵਿਚ ਭਿੱਜੀਆਂ ਪਈਆਂ ਸਨ। ਫਿਰ ਕੀ ਸੀ, ਘਰ ਦੀ ਕਰਤੀ ਧਰਤੀ ਤਾਈ ਨਿਹਾਲੀ ਤੇ ਘਰ ਦਾ ਲਾਣੇਦਾਰ ਤਾਇਆ ਨਰੈਣ ਸਿੰਘ। ਕਿਸੇ ਚੀਜ਼ ਦੀ ਲੋੜ ਹੋਵੇ, ਮੁੰਡੇ ਪੁੱਛਣ ਤੇ ਲਾਦੋ ਨੇ ਕਹਿਣਾ, "ਪੁੱਤਰ, ਬੇਟਾ, ਤਾਈ ਨੂੰ ਪੁੱਛੇ। ਬੇਟਾ, ਤਾਏ ਨੂੰ ਕਹੋ।

ਘਰ ਦਾ ਮਾਹੌਲ ਮੋਹ ਮਮਤਾ ਭਰਿਆ ਤੇ ਸੁਖਾਵਾਂ ਸੀ। ਨਰੈਣ ਸਿੰਘ ਤੇ ਨਿਹਾਲੀ ਦਾ ਪੂਰਾ ਸਤਿਕਾਰ ਸੀ। ਹਰ ਪਾਸੇ ਲਹਿਰ ਬਹਿਰ ਸੀ। ਅੰਨ, ਦੁੱਧ ਧੰਨ, ਘਿਓ, ਗੁੜ, ਸ਼ੱਕਰ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਸਾਰੇ ਖੁਸ਼ ਸਨ ਕਿਉਂਕਿ ਅਮਰੋ ਤੇ ਛੋਟੀ ਆਪਣੇ ਭਰਾਵਾਂ ਕੈਲੇ ਤੇ ਜੈਲੇ ਲਈ ਰਿਸ਼ਤੇ ਲੈ ਆਈਆਂ ਸਨ ਤੇ ਕੁੜਮ ਵੀ ਸਰਦੇ ਪੁਜਦੇ ਜਿਨਾਂ ਅੱਧੇ ਅੱਧੇ ਤੋਲੇ ਦੀਆਂ ਛਾਪਾਂ ਨਰੈਣ ਹੱਥ ਪਾਈਆਂ ਸਨ। ਛਾਪਾਂ ਦੇ ਨਗਾਂ ਦੀ ਡਲਕ ਵੇਖ ਕੇ ਨਰੈਣ ਨੂੰ ਆਪਣਾ ਆਪ ਫਿਰ ਜਵਾਨ ਹੁੰਦਾ ਦਿਸਿਆ।