ਏ ਪ੍ਰੇਮ ਰੋਗ ਨਹੀਂ। ਕੋਈ ਠੀਕ ਠਿਕਾਣਾ ਲੱਭ ਜਾਏ ਵਿਆਹ ਕਰ ਦਿਆਂਗੇ। ਸਭ ਰੋਗ ਉਡ ਜਾਣਗੇ।"
ਅਤੇ ਉਸ ਦਿਨ ਤੋਂ ਉਸ ਪਹਿਰੇ ਹੋਰ ਸਖ਼ਤ ਕਰ ਦਿੱਤੇ। "ਖਬਰਦਾਰ! ਜੇ ਕੁੜੀ ਦੇਹਲੀਉਂ ਪੈਰ ਭੀ ਬਾਹਰ ਕੱਢੇ।" ਅਤੇ ਆਪ ਤੇਜ਼ੀ ਨਾਲ ਰਿਸ਼ਤੇ ਦੀ ਭਾਲ ਸ਼ੁਰੂ ਕੀਤੀ।
ਇਲਾਕੇ ਵਿਚ ਸਭ ਤੋਂ ਸਿਰ ਕੱਢ ਸੇਠ ਲੱਧਾ ਮੱਲ ਸੀ। ਉਹਦਾ ਬਿਉਪਾਰ ਲੱਖਾਂ ਤੋਂ ਟੱਪਿਆ ਹੋਇਆ ਸੀ। ਨੌਕਰ ਚਾਕਰ, ਜ਼ਮੀਨ, ਹਵੇਲੀਆਂ ਹਰ ਪਾਸਿਓਂ ਸਿਰੇ ਸੀ। ਦੋ ਬਲਦਾਂ ਦੇ ਰਥ ਤੇ ਰਥਵਾਨ ਤੇ ਦੋ ਮਨੀਮ ਲੈ ਉਹ ਦੂਰ ਸਾਮੀਆ ਕੋਲ ਜਾਂਦਾ ਅਤੇ ਜ਼ਰੂਰਤਮੰਦਾਂ ਦੀਆਂ ਗਰਜਾਂ ਪੂਰੀਆਂ ਕਰਦਾ, ਵਹੀਆਂ ਤੇ ਦੁਪੱਤਰੇ ਕਲਮ ਦਵਾਤ ਸਭ ਗੜਬੋਲੀ ਵਿਚ ਹੀ ਪਏ ਰਹਿੰਦੇ। ਚਿੱਟੇ ਮੋਟੇ ਸਰਾਣੇ ਲਾ ਲੱਧਾ ਮੱਲ ਸ਼ਾਹੀ ਠਾਠ ਨਾਲ ਬੈਠਾ ਰਹਿੰਦਾ ਅਤੇ ਮਨੀਮ ਲੇਖੇ ਜੋੜੀ ਜਾਂਦੇ। ਬਲਦਾਂ ਦੀਆਂ ਟੱਲੀਆਂ ਟੁਨਕੀ ਜਾਂਦੀਆਂ ਅਤੇ ਗੱਡੀਵਾਨ ਰੱਥ ਹਿੱਕੀ ਜਾਂਦਾ।
ਵਸਾਵਾ ਮੱਲ ਨੇ ਨਾਈ ਅਤੇ ਪੰਡਤ ਬੁਲਾ ਕੇ ਲੱਧਾ ਮੱਲ ਦੇ ਮੁੰਡੇ ਲਈ ਰੱਕਾ ਭੇਜ ਦਿੱਤਾ। ਪਰ ਲੱਧਾ ਮੱਲ ਨੇ ਦਸ ਦਿਨ ਦੀ ਮੋਹਲਤ ਮੰਗੀ। ਹਾਂ ਜਾਂ ਨਾਂਹ ਲਈ ਆਪੇ ਪਤਾ ਭੇਜ ਦਿਆਂਗੇ।
ਘਰ ਵਿਚ ਗੱਲਾਂ ਬਾਤਾਂ ਤੋਂ ਗਿਆਨੋ ਨੂੰ ਭੀ ਪਤਾ ਲਗ ਗਿਆ। ਗਿਆਨੋਂ ਨੇ ਕਾਗਜ਼ ਤੇ ਦੋ ਅੱਖਰ ਲਿਖੇ ਅਤੇ ਵੱਡੇ ਭਰਾ ਜਸਵੰਤ ਅੱਗੇ ਤਰਲਾ ਮਾਰਿਆ। ਛੋਟੀ ਭੈਣ ਦੀਆਂ ਅੱਖਾਂ ਵਿਚ ਹੰਝੂ ਤੇ ਬੱਧੇ ਹੱਥ ਦੇਖ ਭਰਾ ਦਾ ਦਿਲ ਪੰਘਰ ਪਾਣੀ ਹੋ ਗਿਆ। ਭਰਾ ਨੇ ਤਰਸ ਖਾਧਾ ਤੇ ਭੈਣ ਦਾ ਲਿਖਿਆ ਰੱਕਾ ਅਵਤਾਰ ਨੂੰ ਪਹੁੰਚਾ ਦਿੱਤਾ।
ਫਿਰ ਅਗਲੀ ਰਾਤ ਪੁਲ ਤੋਂ ਦੋ ਸਵਾਰ ਇਕ ਘੋੜੀ ਤੇ ਚੜੇ। ਚਾਰ ਕੋਹ ਪੈਂਡਾ ਘੋੜੀ ਨੇ ਮਿੰਟਾਂ ਵਿਚ ਖਿਚ ਕੇ ਰੱਖ ਦਿੱਤਾ। ਲੱਧਾ ਮੱਲ ਦੀ ਹਵੇਲੀ ਦਾ ਜਾ ਬੂਹਾ ਖੜਕਾਇਆ। ਬੂਹਾ ਖੁਲ੍ਹਾ ਅਤੇ ਨੌਕਰ ਨੇ ਲੱਧਾ ਮੱਲ ਨੂੰ ਇਤਲਾਹ ਕੀਤੀ ਲਾਲਾ ਜੀ, ਕੋਈ ਲੜਕੀ ਤੁਹਾਨੂੰ ਹੁਣੇ ਹੀ ਮਿਲਣਾ ਚਾਹੁੰਦੀ ਏ।"
205