ਪੰਨਾ:ਪੱਕੀ ਵੰਡ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਆ ਮੇਰਾ ਸ਼ੇਰ, ਰੋਟੀ ਖਾਹ ਪਹਿਲਾਂ।”

ਉਹ ਬਲਦਾਂ ਨੂੰ ਤਿੱਖਾ ਕਰਦਿਆਂ ਕਹਿੰਦਾ, “ਭਾਬੀ, ਆਹ ਚਾਰ ਸਿਆੜ ਨੇ। ਕੱਢ ਲਵਾਂ ਜਰਾ।”

ਅਤੇ ਬਸ਼ੀਰਾਂ ਵੱਟ ਤੇ ਰੋਟੀ ਲੱਸੀ ਰੱਖ, ਚੋਹਲੇ ਚੂਰੀ ਦਾ ਛੰਨਾਂ ਚੁੱਕ ਵਾਹਣ ਵਿੱਚ ਉਹਦੇ ਮਗਰ ਹੋ ਤੁਰਦੀ।

“ਚੱਲ ਫਿਰ ਮੇਰਾ ਸ਼ੇਰ, ਮੈਂ ਤੇਰੇ ਮੂੰਹ ਵਿੱਚ ਬੁਰਕੀਆਂ ਪਾਵਾਂ।”

ਅਤੇ ਉਹ ਨਾਲ ਤੁਰਦੀ ਉਹਦੇ ਮੂੰਹ ਵਿੱਚ ਬੁਰਕੀ, ਧੱਕ ਦਿੰਦੀ ਤਾਂ ਜਾਹਨੇ ਨੂੰ ਵਾਹਣ ਵਿੱਚ ਤੁਰਦੀ ਭਾਬੀ ਉੱਤੇ ਤਰਸ ਆ ਜਾਂਦਾ ਅਤੇ ਉਹ ਨੱਥਾਂ ਖਿੱਚ ਹੱਲ ਖਲ੍ਹਾਰ ਦਿੰਦਾ।

“ਚੱਲ ਭਾਬੀ, ਪਹਿਲਾਂ ਰੋਟੀ ਹੀ ਖਾ ਲੈਂਦੇ ਹਾਂ”। ਅਤੇ ਜਦੋਂ ਰੋਟੀ ਖਾਣ ਬਹਿੰਦਾ ਤਾਂ ਚੂਰੀ ਚੋਹਲੇ ਦੀ ਘਿਉ ਨਾਲ ਗੱਚ ਵੱਡੀ ਬੁਰਕੀ ਭਰ ਬਸ਼ੀਰਾਂ ਦੇ ਮੂੰਹ ਅੱਗੇ ਲੈ ਜਾਂਦਾ। “ਲੈ ਭਾਬੀ ਪਹਿਲਾਂ ਤੂੰ ਖਾਹ”

“ਨਹੀਂ-ਨਹੀਂ ਰਮਜਾਨ ਇਹ ਤੇਰੇ ਲਈ ਏ। ਮੇਰਾ ਕੀ ਏ।” ਜਾਹਨਾ ਮੂੰਹ ਵੱਟ ਲੈਂਦਾ ਤੇ ਕਹਿੰਦਾ,

“ਭਾਬੀ, ਜੋ ਮੇਰੇ ਲਈ ਏ ਉਹ ਤੇਰੇ ਲਈ ਕਿਉਂ ਨਹੀਂ ਅਤੇ ਜੋ ਤੇਰੇ ਲਈ ਨਹੀਂ ਉਹ ਮੇਰੇ ਲਈ ਕਿਉਂ ਏ?”

ਬਸ਼ੀਰਾ ਮੂੰਹ ਖੋਲ ਕੇ ਬੁਰਕੀ ਲੈ ਲੈਂਦੀ ਤੇ ਕਹਿੰਦੀ,

“ਲੈ ਹੁਣ ਤੂੰ ਰੋਟੀ ਖਾਹ। ਮੈਂ ਬਲਦਾਂ ਨੂੰ ਪੇੜੇ ਦੇ ਆਵਾਂ।” ਅਤੇ ਵੇਸਣ ਆਟੇ ਦੇ ਲੂਣੇ ਪੇੜੇ ਲੈ ਬਲਦਾਂ ਵੱਲ ਤੁਰ ਪੈਂਦੀ। ਜਦੋਂ ਰੋਟੀ ਖਾ ਜਾਹਨਾਂ ਦੁਬਾਰਾ ਬਲਦ ਹਿੱਕਦਾ ਤਾਂ ਉਹ ਕਹਿੰਦੀ:

“ਰਮਜਾਨ, ਮੈਨੂੰ ਦਾਤਰੀ ਦੱਸ। ਮੈਂ ਥੱਬਾ ਪੱਠੇ ਵੱਡ ਦਿਆਂ ਬਲਦਾਂ ਵਾਸਤੇ। ਹੱਲ ਛੱਡ ਕੇ ਪਾ ਲਈਂ”

ਅਤੇ ਜਾਹਨਾਂ ਕਹਿੰਦਾ, “ਭਾਬੀ, ਜਾਂ ਤਾਂ ਘਰ ਜਾਹ ਜਾਂ ਛਾਵੇਂ ਝੱਟ ਅਰਾਮ ਕਰ ਲੈ। ਵੇਖ ਤੇਰਾ ਪੁੱਤਰ ਹੁਣ ਜਵਾਨ ਹੋ ਗਿਆ ਏ। ਉਹ ਦਿਨ ਗਏ ਜਦੋਂ

21