ਪੰਨਾ:ਪੱਕੀ ਵੰਡ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣਾ ਨਹੀਂ। ਦੋਵੇਂ ਔਂਤਰ ਜਾਣਗੇ। ਫਿਰ ਹੱਕੀ ਤਾਂ ਅਸੀਂ ਹੀ ਹਾਂ।

ਫਿਰ ਅਗਲੀ ਛਮਾਹੀ ਸ਼ਦੀਕ ਦਾ ਮੁਕਲਾਵਾ ਮਿਲ ਗਿਆ। ਨਰਮ ਜਿਹੀ ਦੁਪਹਿਰੇ ਜਾਹਨਾਂ ਵੱਟ ਤੇ ਬੈਠਾ ਕਹੀ ਦੀ ਫਾਲ੍ਹ ਠੋਕ ਰਿਹਾ ਸੀ ਕਿ ਅੱਗੇ ਕਾਦਰੀ ਅਤੇ ਪਿੱਛੇ ਨਵੀਂ ਮੁਕਲਾਵੇ ਆਈ ਸ਼ਦੀਕ ਦੀ ਘਰਵਾਲੀ ਨੂਰੀ ਦੋਵੇਂ ਵੱਟੇ-ਵੱਟ ਰੋਟੀ ਲਈ ਆਉਂਦੀਆਂ ਦਿਸੀਆਂ। ਜਾਹਨੇ ਦਾ ਖਿਆਲ ਸੀ ਕਿ ਪਰਲੀ ਵੱਟ ਮੁੜ ਜਾਣਗੀਆਂ। ਪਰ ਕਾਦਰੀ ਸਿੱਧੀ ਵੱਟ ਹੀ ਤੁਰੀ ਆਈ ਅਤੇ ਜਦੋਂ ਉਹ ਨੇੜੇ ਆ ਗਈਆਂ ਤਾਂ ਜਾਹਨਾਂ ਡੰਡੀ ਖਾਲੀ ਛੱਡ ਖੇਤ ਵਿੱਚ ਹੋ ਗਿਆ।

ਗਿੱਦੜ ਕੁੱਟ ਹੋਣ ਤੋਂ ਮਗਰੋਂ ਇਹ ਪਹਿਲਾ ਦਿਨ ਸੀ ਜਦ ਕਾਦਰੀ ਏਸ ਵੱਟੇ ਉਹਦੇ ਨੇੜਿਉਂ ਦੀ ਲੰਮੀ। ਸ਼ਾਇਦ ਨੂਰੀ ਦੇ ਆਸਰੇ ਜਾਂ ਨੂਰੀ ਦੇ ਨਾਲ ਹੋਣ ਕਰਕੇ। ਕੋਲੋਂ ਲੰਘਣ ਲੱਗਿਆਂ ਨੂਰੀ ਨੇ ਓਪਰੀ ਨਜ਼ਰ ਜਾਹਨੇ ਵੱਲ ਵੇਖਿਆ ਪਰ ਉਹ ਆਪਣੇ ਖਿਆਲ ਕਹੀ ਵਾਹ ਰਿਹਾ ਸੀ। ਫਿਰ ਕਾਦਰੀ ਨੇ ਵੱਟੇ ਵੱਟ ਫਿਰਕੇ ਨੂਰੀ ਨੂੰ ਖੇਤਾਂ ਤੋਂ ਜਾਣੂ ਕਰਵਾਇਆ।

ਉਸ ਤੋਂ ਅਗਲੇ ਦਿਨ ਉਹ ਵੱਟ ਦੇ ਨੇੜੇ ਪੱਠੇ ਵੱਢ ਰਿਹਾ ਸੀ ਕਿ ਨੂਰੀ ਰੋਟੀ ਲੈ ਕੇ ਉਹਦੇ ਕੋਲੋਂ ਲੰਘਦੀ ਖਲੋ ਗਈ। ਭਰਵੀਂ ਨਜ਼ਰ ਉਸ ਵੱਲ ਵੇਖਿਆ, ਹੌਕਾ ਭਰਿਆ ਅਤੇ ਅੱਗੇ ਤੁਰ ਪਈ। ਜਾਹਨੇ ਨੇ ਪਿੱਠ ਭੁਆ ਕੇ ਜਾਂਦੀ ਨੂੰ ਵੇਖਿਆ। ਉਹਦੇ ਦਿਲ ਨੂੰ ਵੀ ਧੱਕਾ ਜਿਹਾ ਲੱਗਾ। ਕਿੱਥੇ ਕਾਦਰੀ ਦੀ ਮੱਦ ਮਹਿਕ ਵਿੱਚ ਡੁੱਬਕੇ ਅਮਲੀ ਹੋਇਆ ਸ਼ਦੀਕ ਅਤੇ ਕਿੱਥੇ ਨੂਰੋ-ਨੂਰ ਦੀ ਖਾਣ ਨੂਰੀ। ਸੋਲਾਂ ਸਤਾਰਾਂ ਸਾਲ ਦੀ, ਗੋਲ ਮਟੋਲ ਕਤਾਬੀ ਮੁਖੜਾ, ਸੰਧੂਰੀ ਸੇਬ ਵਾਂਗ ਭਖਦੀਆਂ ਗੱਲਾਂ, ਗੋਲੇ ਕਬੂਤਰ ਵਰਗੀ ਭੋਲੀ ਭਾਲੀ ਮੁਟਿਆਰ। ਉਹਦੇ ਦਿਸਦੇ ਅੰਗ ਪੁੰਨਿਆ ਦੇ ਚੰਦ ਵਾਂਗ ਚਮਕ ਰਹੇ ਸਨ।

ਫਿਰ ਇਹ ਅਮਲ ਨੂਰੀ ਦਾ ਨਿੱਤ ਦਿਨ ਹੋ ਗਿਆ। ਨੂਰੀ ਆਉਂਦੀ। ਕੰਮ ਕਰਦੇ ਜਾਹਨੇ ਦੇ ਬਾਰਬਰ ਖਲੋਂਦੀ। ਭਰਵੀਂ ਨਜ਼ਰ ਵੇਖਦੀ। ਹੌਕਾ ਭਰਦੀ ਅਤੇ ਤੁਰ ਪੈਂਦੀ। ਨੂਰੀ ਦੀਆਂ ਝੀਲ ਵਾਂਗ ਨੀਲੀਆਂ ਅੱਖਾਂ ਵਿੱਚ ਜਿਵੇਂ ਜਾਹਨਾਂ ਸਮਾ ਗਿਆ ਹੋਵੇ। ਪਰ ਸ਼ਾਇਦ ਉਸਨੂੰ ਬੁਲਾਉਣ ਦਾ ਹੀਆ ਨਾ ਪੈਂਦਾ ਹੋਵੇ।

27