ਪੰਨਾ:ਪੱਕੀ ਵੰਡ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਹੁਕਮ ਕਰ ਮੇਰੇ ਚੰਨਾਂ, ਜਾਨ ਤੇ ਖੇਡ ਜਾਂਵਾਂਗੀ। ਦਮ-ਦਮ ਤੇਰੀ ਹਾਂ।"

ਕਮਾਦੋਂ ਬਾਹਰ ਆ ਨੂਰੀ ਨੇ ਪੱਲੇ ਨਾਲ ਮੁੜਕਾ ਪੂੰਝਿਆ।

ਜਾਹਨੇ ਬਲਦ ਪੰਜਾਲੀਓ ਕੱਢੇ। ਪੱਠਿਆਂ ਦੀ ਪੰਡ ਚੁੱਕੀ ਤੇ ਪਿੰਡ ਆ ਕੇ ਟੋਕੇ ਦੇ ਅੱਗੇ ਵਗਾਹ ਮਾਰੀ।

“ਨਾਂ ਭਾਬੀ ਮੈਥੋਂ ਕੰਮ ਹੁੰਦਾ ਏ ਨਾਂ ਮੈਂ ਕਰਨਾ ਏ। ਤੂੰ ਜਾਣ ਤੇਰਾ ਕੰਮ ਜਾਣੇ। ਕਾਮਾ ਰਖ, ਸੀਰੀ ਰੱਖ। ਮੇਰੀ ਛੁੱਟੀ।”

ਠੰਡਾ ਸੁਭਾਅ ਅਤੇ ਨਿੱਘਾ ਹਿੱਤ ਰੱਖਣ ਵਾਲੀ ਬਸੀਰਾਂ ਨੇ ਸਿਰ ਪਿੱਠ ਪਲੋਸਦਿਆਂ ਪੁੱਛਿਆ, “ਮੈਂ ਸਦਕੇ, ਮੈਂ ਵਾਰੀ, ਮੈਨੂੰ ਗੱਲ ਤਾਂ ਦੱਸ। ਮੈਨੂੰ ਕੋਈ ਥਹੁ ਪਤਾ ਤਾਂ ਲੱਗੇ।”

“ਭਾਬੀ, ਥਹੁ ਕੀ ਤੇ ਪਤਾ ਕੀ। ਬੱਸ ਗੱਲਾਂ ਦੋਈ ਨੇ। ਜਾਂ ਤਾਂ ਮੇਰੇ ਸਿਰ ਤੋਂ ਆਪਣੀ ਸਹੂ ਲਾਹ ਦੇ ਜਾਂ ਆਪਦਾ ਕੰਮ ਸੰਭਾਲ ਲੈ। ਮੈਥੋਂ ਕੰਮ ਨਹੀਂ ਹੋਣਾ।”

ਬਸ਼ੀਰਾਂ ਨੇ ਭਰੇ ਦਿਲ ਨਾਲ ਆਖਿਆ, “ਜਾਹ ਮੇਰੇ ਬੱਚੇ, ਮੇਰੇ ਲਾਲ, ਮੈਂ ਤੇਰੇ ਸਿਰ ਤੋਂ ਆਪਣੀ ਸਹੁੰ ਵਾਪਸ ਲੈਂਦੀ ਹਾਂ” ਅਤੇ ਨਾਲ ਹੀ ਬਸੀਰਾਂ ਦੀਆਂ ਅੱਖਾਂ ਭਰ ਆਈਆਂ।

ਜਾਹਨੇ ਨੇ ਬਸ਼ੀਰਾਂ ਦੇ ਪੈਰ ਫੜ ਲਏ। “ਮਾਂ, ਮੈਨੂੰ ਮਾਫ ਕਰ ਦੇ। ਮੈਂ ਤੇਰਾ ਦਿਲ ਦੁਖਾਇਆ। ਤੂੰ ਮਹਾਨ ਏਂ। ਮੈਂ ਤੇਰੀ ਕਿਸੇ ਤਰ੍ਹਾਂ ਵੀ ਹੇਠੀ ਨਹੀਂ ਹੋਣ ਦਿਆਂਗਾ।”

ਅਤੇ ਉਹ ਇਹ ਕਹਿੰਦਾ ਕਹਿੰਦਾ ਗਲੀ ਪੈ ਗਿਆ।

“ਮੈਂ ਆ ਕੇ ਪੱਠੇ ਕੁਤਰਦਾਂ।”

ਦਿਨ ਦਾ ਚੌਥਾ ਪਹਿਰ ਸੀ। ਉਹ ਰਵਾਂ-ਰਵੀਂ ਦੁੱਲੇ ਹੋਰਾਂ ਦੇ ਬੂਹੇ ਅੱਗੇ ਜਾ ਖਲੋਤਾ। ਬਾਹਰਲੇ ਬੂਹੇ ਦੇ ਕੋਲ ਹੀ ਕਾਦਰੀ ਭਾਂਡੇ ਸਾਫ ਕਰ ਰਹੀ ਸੀ। ਸਾਹਮਣੀ ਕੰਧ ਨਾਲ ਦੁੱਲਾ ਅਤੇ ਸ਼ਦੀਕ ਮੰਜੇ ਉੱਤੇ ਸੱਜੇ-ਖੱਬੇ ਲੇਟੇ ਹੋਏ ਸਨ। ਕਾਦਰੀ ਨੇ ਜਾਹਨੇ ਨੂੰ ਹੇ ਅੱਗੇ ਖਲੋਤਾ ਦੇਖਿਆ ਤਾਂ ਚੰਬੇ ਵਾਂਗ ਖਿੜ ਗਈ।

32