ਪੰਨਾ:ਪੱਕੀ ਵੰਡ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸ ਕੀਤੀਆਂ ਕਿ ਦੇਸ਼ ਦੀ ਵੰਡ ਹੋ ਗਈ। ਇੱਧਰ ਆਏ ਉੱਜੜ-ਪੁੱਜੜ ਕੇ। ਪੜ੍ਹਨ ਦੇ ਦਿਨ ਸਨ ਕਿ ਰੋਜੀ ਰੋਟੀ, ਠੰਡੇ ਟਿਕਾਣੇ ਦੇ ਸੰਸੇ ਪੈ ਗਏ।"

ਪੱਲੀ ਦੇ ਪੱਲੇ ਫੜਦਿਆਂ ਮਲਵਈ ਨੇ ਕਿਹਾ, "ਬਾਈ ਸਿਆਂ, ਥੋਡੇ ਲੋਕ ਪੜ੍ਹੇ ਲਿਖੇ ਬਹੁਤ ਆ। ਪਰ ਚੋਰੀ ਬੜੀ ਕਰਦੇ ਆ। ਗਊ ਦੀ ਸਹੁੰ ਲਾਗਲੇ ਵਸੀਵੇਂ ਵਾਲੇ ਰਿਫਿਊਜੀ ਤਾਂ ਕੋਈ ਚੀਜ ਫਸੇ ਲੈ ਜਾਂਦੇ ਨੇ। ਗਾਜਰ ਗੰਨੇ ਦੀ ਤਾਂ ਗੱਲ ਕੀ ਤੂੜੀ ਪੱਠਾ, ਹੱਲ ਪੰਜਾਲੀ, ਸੜਾ ਸੁਹਾਗਾ ਕੋਈ ਚੀਜ਼ ਨਹੀਂ ਛੱਡਦੇ।"

ਮਲਵਈ ਭਾਵੇਂ ਭੋਲੇ ਭਾ ਕਹਿ ਰਿਹਾ ਸੀ ਪਰ ਗੁਰਜੀਤ ਨੂੰ ਧੱਕਾ ਜਿਹਾ ਲੱਗਾ। ਉਸ ਸੰਭਲ ਕੇ ਕਿਹਾ, "ਮੇਰੇ ਮਿੱਤਰ, ਹਰ ਸਮਾਜ ਹਰ ਸੁਸਾਇਟੀ ਵਿੱਚ ਚੰਗੇ ਮੰਦੇ ਬੰਦੇ ਹੁੰਦੇ ਨੇ, ਇੱਧਰ ਵੀ ਉੱਧਰ ਵੀ। ਹੋ ਸਕਦਾ ਏ ਕੁੱਝ ਲੋਕ ਪੇਸ਼ਾਵਰ ਹੋਣ ਅਤੇ ਆਦਤਨ ਚੋਰੀ ਕਰਦੇ ਹੋਣ। ਇਹ ਵੀ ਹੋ ਸਕਦਾ ਏ ਕਿ ਹਾਲਾਤ ਤੇ ਮਜ਼ਬੂਰੀਆਂ ਵੱਸ ਕਈਆਂ ਨੂੰ ਮਾੜੀ ਆਦਤ ਪੈ ਗਈ ਹੋਏ। ਪਰ ਹੁਣ ਜਿਉਂ ਜਿਉਂ ਲੋਕਾਂ ਦੇ ਠਿਕਾਣੇ ਬਣਦੇ ਜਾ ਰਹੇ ਹਨ, ਆਪੋ ਆਪਣੇ ਕੰਮੀ, ਕਾਰੋਂ ਸਭ ਲੱਗ ਜਾਣਗੇ। ਤੁਹਾਡੇ ਵਿਚ ਰਚ ਮਿੱਚ ਜਾਣਗੇ ਅਤੇ ਤੁਹਾਡੇ ਵਰਗੇ ਹੀ ਹੋ ਜਾਣਗੇ।"

"ਹਾਂ ਬਾਈ ਸਿਆਂ, ਇਹ ਤਾਂ ਤੇਰੀ ਗਲ ਠੀਕ ਆ।"

ਮਲਵਈ ਮੁੰਡਾ ਜਦ ਬੋਲਦਾ ਤਾਂ ਅਤਿ ਮਿੱਠੀ ਸੁਰੀਲੀ 'ਵਾਜ ਨਾਲ। ਅਤੇ ਗੁਰਜੀਤ ਨੂੰ ਇੰਝ ਲਗਦਾ ਜਿਵੇਂ ਉਹਦੇ ਹੋਠਾਂ ਚੋਂ ਫੁੱਲ ਪੱਤੀਆਂ ਕਿਰ ਰਹੀਆਂ ਹੋਣ। ਅਤੇ ਉਹ ਉਹਦੇ ਰੂਪ ਦਾ ਕੀਲਿਆ ਇਹ ਸੋਚ ਰਿਹਾ ਸੀ ਕਿ ਇਹ ਕੁਝ ਨਾ ਕੁੱਝ ਪੁੱਛੀ ਜਾਏ,ਤੇ ਮੈਂ ਦਸੀ ਜਾਵਾਂ ਅਤੇ ਇਹ ਸਾਥ ਬਣਿਆ ਰਵੇ। ਪਰ ਮਲਵਈ ਨੇ ਪੰਡ ਚੁੱਕਣ ਲਈ ਪੰਡ ਨੂੰ ਹੱਥ ਪਾ ਲਏ। ਦੋਹਾਂ ਨੇ ਸਹਾਰ ਕੇ ਪੰਡ ਚੁੱਕੀ ਪਰ ਪੰਡ ਭਾਰੀ ਹੋਣ ਕਰਕੇ ਮਲਵਈ ਵੱਲ ਉੱਲਰ ਗਈ। ਮਲਵਈ ਨੂੰ ਦੱਬਦਾ ਵੇਖਕੇ ਗੁਰਜੀਤ ਨੇ ਪੰਡ ਆਪਣੇ ਵੱਲ ਖਿੱਚੀ ਅਤੇ ਨੀਵਾਂ ਹੋ ਸਿਰ ਹੇਠਾਂ ਦੇ ਪੰਡ ਚੁੱਕ ਲਈ।

"ਆ ਦੋਸਤ, ਮੈਂ ਹੀ ਰੇੜੀ ਤੇ ਸੁੱਟ ਆਉਂਦਾ ਹਾਂ।" ਅਤੇ ਉਹ ਦੋ

39